Navjot Sidhu indirectly attacked : ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ–ਟਿਊਬ ਚੈਨਲ ‘ਜਿੱਤੇਗਾ ਪੰਜਾਬ’ ’ਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਸਰਕਾਰ ਅਤੇ ਸਿਸਟਮ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਸ ਵੀਡੀਓ ’ਚ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਆਮ ਲੋਕਾਂ ਦੇ ਦਿੱਤੇ ਟੈਕਸਾਂ ਤੇ ਖੂਨ–ਪਸੀਨੇ ਦੀ ਗਾੜ੍ਹੀ ਕਮਾਈ ਨਾਲ ਸਰਕਾਰ ਚੱਲਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਹੈ ਕਿ ਟੈਕਸ ਦੇ ਤੌਰ ’ਤੇ ਦਿੱਤਾ ਜਾ ਰਿਹਾ ਪੈਸਾ ਉਨ੍ਹਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ ਨਾ ਕਿ ਜੁੱਤੀ ਬਣ ਕੇ ਉਨ੍ਹਾਂ ਦੇ ਸਿਰ ’ਤੇ ਹੀ ਆ ਕੇ ਲੱਗਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਦੀ ਜਨਤਾ ਤਬਦੀਲੀ ਲਿਆਵੇਗੀ।
ਸ਼੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਪੰਜ ਸਾਲਾਂ ਲਈ ਅਜਿਹੇ ਲੋਕਾਂ ਨੂੰ ਸੱਤਾ ਸੌਂਪੇਗੀ, ਜੋ ਉਨ੍ਹਾਂ ਦੀ ਸੇਵਾ ਕਰਨ, ਨਾ ਕਿ ਉਨ੍ਹਾਂ ਦੇ ਸਿਰਾਂ ਉੱਤੇ ਬਹਿ ਕੇ ਰਾਜ ਕਰਨ। ਹਾਲੇ ਕੁਝ ਦਿਨ ਪਹਿਲਾਂ ਸ਼੍ਰੀ ਸਿੱਧੂ ਨੇ ਕੇਂਦਰ ਅਤੇ ਪੰਜਾਬ ਸਰਕਾਰ ’ਤੇ ਸਿਆਸੀ ਹਮਲਾ ਬੋਲਿਆ ਸੀ। ਉਨ੍ਹਾਂ ਆਪਣੇ ਯੂ–ਟਿਊਬ ਚੈਨਲ ਰਾਹੀਂ ਦੇਸ਼ ਵਿੱਚ ਹੋ ਰਹੇ ਕੋਰੋਨਾ ਟੈਸਟ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਦੱਖਣੀ ਕੋਰੀਆ ਦਾ ਮਾਡਲ ਅਪਨਾਉਣ ਦਾ ਸੁਝਾਅ ਦਿੱਤਾ ਸੀ। ਸ਼੍ਰੀ ਸਿੱਧੂ ਨੇ ਕਿਹਾ ਕਿ 133 ਕਰੋੜ ਦੀ ਆਬਾਦੀ ਵਿੱਚੋਂ ਹਾਲੇ ਤੱਕ ਸਿਰਫ਼ 1.14 ਲੱਖ ਟੈਸਟ ਹੋਏ ਹਨ, ਜੋ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਮਾਮਲੇ ’ਤੇ ਹੁਣ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੱਖਣੀ ਕੋਰੀਆ ਨੇ ਲਗਾਤਾਰ ਟੈਸਟਿੰਗ ਕਰ ਕੇ ਆਪਣੇ ਦੇਸ਼ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਦੇ ਗ੍ਰਾਫ਼ ਨੂੰ ਰੋਕ ਦਿੱਤਾ ਹੈ; ਜਦ ਕਿ ਸਿੰਗਾਪੁਰ ਜਿਹੇ ਦੇਸ਼ਾਂ ਨੇ ਵੀ ਉਵੇਂ ਹੀ ਕੀਤਾ।
ਸ਼੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਤਿੰਨ ਕਰੋੜ ਦੀ ਆਬਾਦੀ ਵਿੱਚ ਹਾਲੇ ਤੱਕ ਸਿਰਫ਼ 2,500 ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ, ਸਿੰਗਾਪੁਰ ’ਚ ਲਗਾਤਾਰ ਟੈਸਟ ਕੀਤੇ ਗਏ, ਜਿਸ ਕਾਰਨ ਕੋਰੋਨਾ ਅੱਗੇ ਵਧਣ ਤੋਂ ਰੁਕ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ 9 ਮਹੀਨੇ ਸਿਆਸਤ ਤੋਂ ਦੂਰ ਰਹਿਣ ਤੋਂ ਬਾਅਦ ਸਾਬਕਾ ਮੰਤਰੀ ਅਤੇ 4 ਵਾਰ ਸੰਸਦ ਦੇ ਮੈਂਬਰ ਅਤੇ ਅੰਮ੍ਰਿਤਸਰ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਦਿਆਂ ’ਤੇ ਗੱਲਬਾਤ ਕਰਨ ਲਈ ਯੂਟਿਊਬ ਚੈਨਲ ਲਾਂਚ ਕੀਤਾ ਸੀ।