nia instagram manmeet post:ਮਨਮੀਤ ਗਰੇਵਾਲ ਜਿਨ੍ਹਾਂ ਨੇ ਕਿ ਪਿਛਲੇ ਦਿਨੀਂ ਕੋਰੋਨਾ ਵਾਇਰਸ ਤੋਂ ਬਾਅਦ ਪੈਦਾ ਹੋਏ ਵਿੱਤ ਸੰਕਟ ਤੋਂ ਬਾਅਦ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ । ਉਨ੍ਹਾਂ ਦੇ ਹੱਕ ‘ਚ ਕਈ ਹਸਤੀਆਂ ਅੱਗੇ ਆਈਆਂ ਹਨ । ਅਦਾਕਾਰਾ ਨੀਆ ਸ਼ਰਮਾ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਮਨਮੀਤ ਵੱਲੋਂ ਆਰਥਿਕ ਹਾਲਾਤਾਂ ਦੇ ਚੱਲਦਿਆਂ ਚੁੱਕੇ ਗਏ ਇਸ ਕਦਮ ‘ਤੇ ਨਿਰਾਸ਼ਾ ਜਤਾਈ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਲੰਬੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਇਹ ਨਹੀਂ ਕਿ ਮੈਂ ਉਸ ਨੂੰ ਜਾਣਦੀ ਸੀ, ਪਰ ਉਸ ਵੱਲੋਂ ਆਰਥਿਕ ਹਲਾਤਾਂ ਕਰਕੇ ਖੁਦਕੁਸ਼ੀ ਕਰਨ ਦੀ ਖ਼ਬਰ ਪ੍ਰੇਸ਼ਾਨ ਕਰਨ ਵਾਲੀ ਹੈ ।
ਮੈਂ ਆਪਣੇ ਬਹੁਤ ਸਾਰੇ ਦੋਸਤਾਂ ਜੋ ਕਿ ਅਦਾਕਾਰ ਹਨ ਨੂੰ ਜਾਣਦੀ ਹਾਂ ਜਿਨ੍ਹਾਂ ਨੂੰ ਪਿਛਲੇ ਸਾਲ ਜਾਂ ਇਸ ਸਾਲ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ । ਇਸ ਸਾਲ ਕੰਮ ਨੂੰ ਅਣਮਿੱਥੇ ਸਮੇਂ ਲਈ ਰੋਕਿਆ ਗਿਆ ਹੈ ।ਜਿਸ ਕਾਰਨ ਹਰ ਕੋਈ ਕਿਤੇ ਨਾ ਕਿਤੇ ਹੌਸਲਾ ਛੱਡ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੈਂ ਆਪਣੇ ਸਾਥੀ ਅਦਾਕਾਰਾਂ ਅਤੇ ਦੋਸਤਾਂ ਲਈ ਨਿਮਰਤਾ ਪੂਰਨ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਦੇ ਬਕਾਏ ਦੀ ਰਾਸ਼ੀ ਖ਼ਾਸ ਤੌਰ ‘ਤੇ ਉਦੋਂ ਦਿੱਤੀ ਜਾਵੇ ਜਦੋਂ ਉਨ੍ਹਾਂ ਨੂੰ ਇਸ ਦੀ ਸਖਤ ਲੋੜ ਹੁੰਦੀ ਹੈ” ।
ਤੁਹਾਨੂੰ ਦੱਸ ਦੇਈਏ ਕਿ ਐਂਟਰਟੇਨਮੈਂਟ ਇੰਡਸਟਰੀ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਇਸ ਸਭ ਦੇ ਚਲਦੇ ਛੋਟੇ ਪਰਦੇ ਦੇ ਅਦਾਕਾਰ ਮਨਮੀਤ ਗਰੇਵਾਲ ਨੇ ਸ਼ੁੱਕਰਵਾਰ ਰਾਤ ਸਾਢੇ ਦਸ ਵਜੇ ਆਪਣੇ ਘਰ ‘ਚ ਫਾਹਾ ਲੈਕੇ ਆਤਮਹੱਤਿਆ ਕਰ ਲਈ। ਮਨਮੀਤ ਆਪਣੀ ਪਤਨੀ ਨਾਲ ਨਵੀਂ ਮੁੰਬਈ ਦੇ ਖਾਰਕਰ ਇਲਾਕੇ ‘ਚ ਕਿਰਾਏ ਦੇ ਫਲੈਟ ‘ਚ ਰਹਿੰਦਾ ਸੀ। ਪਹਿਲਾਂ ਤੋਂ ਕਰਜ਼ ‘ਚ ਡੁੱਬੇ ਤੇ ਆਰਥਿਕ ਤੰਗੀ ਨਾਲ ਜੂਝ ਰਿਹਾ ਮਨਮੀਤ ਗਰੇਵਾਲ ਲੌਕਡਾਊਨ ਕਾਰਨ ਛੋਟੇ–ਮੋਟੇ ਕੰਮ ਵੀ ਬੰਦ ਹੋ ਜਾਣ ਤੋਂ ਕਾਫੀ ਪਰੇਸ਼ਾਨ ਸੀ। ਇੱਥੋਂ ਤਕ ਕਿ ਘਰ ਦਾ ਕਿਰਾਇਆ ਦੇਣ ਤੋਂ ਵੀ ਅਸਮਰਥ ਸੀ। ਜਿਸ ਦੇ ਚੱਲਦਿਆਂ ਉਹ ਡਿਪੈਰਸ਼ਨ ਦਾ ਸ਼ਿਕਾਰ ਹੋ ਗਿਆ। ਮਨਮੀਤ ਗਰੇਵਾਲ ਦੇ ਖ਼ਾਸ ਦੋਸਤ ਤੇ ਪ੍ਰੋਡਿਊਸਰ ਮਨਜੀਤ ਸਿੰਘ ਰਾਜਪੂਤ ਨੇ ਦੱਸਿਆ ਕਿ ਨਿੱਜੀ ਤੇ ਕਾਰੋਬਾਰੀ ਕੰਮ ਲਈ ਮਨਮੀਤ ਨੇ ਲੱਖਾਂ ਰੁਪਏ ਕਰਜ਼ ਲਿਆ ਹੋਇਆ ਸੀ। ਲੌਕਡਾਊਨ ਕਾਰਨ ਕੋਈ ਕਮਾਈ ਨਹੀਂ ਹੋ ਰਹੀ ਸੀ ਜਿਸ ਕਾਰਨ ਉਹ ਉਧਾਰ ਲਿਆ ਪੈਸਾ ਵੀ ਮੋੜਨ ਤੋਂ ਅਸਮਰਥ ਸੀ। ਇਸੇ ਪਰੇਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ।