NIA to interrogate Cheetah : ਹੁਣ ਕੌਮੀ ਜਾਂਚ ਏਜੰਸੀ (NIA) ਸਮੱਗਲਰ ਰਣਜੀਤ ਸਿੰਘ ਰਾਣਾ ਉਰਫ ਚੀਤਾ ਅਤੇ ਉਸ ਦੇ ਭਰਾ ਗਗਨਦੀਪ ਸਿੰਘ ਉਰਫ ਗਗਨ ਤੋਂ ਪੁੱਛਗਿੱਛ ਕਰੇਗੀ। ਦੱਸਣਯੋਗ ਹੈ ਕਿ ਬੀਤੇ ਦਿਨ ਇਨ੍ਹਾਂ ਦੋਹਾਂ ਦੋਸ਼ੀਆਂ ਦੀ ਮੋਹਾਲੀ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਤੋਂ ਪੇਸ਼ੀ ਹੋਈ। ਇਸ ਦੌਰਾਨ ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਦਾ ਉਹ ਮੁੱਖ ਸਰਗਣਾ ਹੈ ਤੇ ਇਹ ਨਾਰਕੋ ਟੈਰਰ ਫੰਡਿੰਗ ਦਾ ਮਾਮਲਾ ਹੈ। ਅਜਿਹੇ ’ਚ ਦੋਸ਼ੀ, ਅੱਤਵਾਦੀ-ਡਰੱਗ ਪੇਡਲਰਸ ਨੇਕਸਸ ਵੱਲੋਂ ਰਚੀ ਗਈ ਵੱਡੀ ਸਾਜ਼ਿਸ਼ ਦਾ ਪਤਾ ਲਗਾਉਣ ਅਤੇ ਫੰਡਿੰਗ ਨਾਲ ਜੁੜੇ ਕਈ ਮੁੱਦਿਆਂ ਦੀ ਜਾਂਚ ਕੀਤੀ ਜਾਣੀ ਹੈ, ਜਿਸ ਦੇ ਲਈ ਉਨ੍ਹਾਂ ਨੂੰ ਰਿਮਾਂਡ ’ਤੇ ਭੇਜਿਆ ਜਾਣਾ ਚਾਹੀਦਾ ਹੈ। ਇਸ ’ਤੇ ਅਦਾਲਤ ਨੇ ਉਕਤ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ 29 ਮਈ ਤੱਕ ਪੁਲਿਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਆਈ 532 ਕਿਲੋਗ੍ਰਾਮ ਹੈਰੋਇਨ ਸਮੱਗਲਿੰਗ ਨਾਲ ਜੁੜੇ ਮਾਮਲੇ ਵਿਚ ਰਣਜੀਤ ਸਿੰਘ ਚੀਤਾ ਅਤੇ ਗਗਨਦੀਪ ਨੂੰ ਹਰਿਆਣਾ ਤੋਂ ਪੰਜਾਬ ਪੁਲਿਸ ਅਤੇ ਐਨਆਈਏ ਦੀ ਇਕ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਚੀਤਾ ਅਤੇ ਗਗਨਦੀਪ ਦੋਵੇਂ 14 ਮਈ ਤੱਕ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਸਨ। ਪਰ ਫਿਰ ਇਹ ਮਾਮਲਾ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੋਸ਼ੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਦੋਵੇਂ ਦੋਸ਼ੀਆਂ ਦੇ ਵਕੀਲ ਵਿਜੇ ਗੁਪਤਾ ਨੇ ਪੁਲਿਸ ਰਿਮਾਂਡ ਦਾ ਵਿਰੋਧ ਕਰਕੇ ਕਿਹਾ ਸੀ ਕਿ ਪਹਿਲਾਂ ਹੀ ਦੋਸ਼ੀਆਂ ਤੋਂ ਕਾਫੀ ਪੁੱਛ-ਗਿੱਛ ਹੋ ਚੁੱਕੀ ਹੈ ਇਸ ਲਈ ਪੁਲਿਸ ਰਿਮਾਂਡ ਦੀ ਲੋੜ ਨਹੀਂ ਹੈ। ਜੇਕਰ ਰਿਮਾਂਡ ਦੀ ਲੋੜ ਹੈ ਤਾਂ ਦੋਸ਼ੀਆਂ ਦਾ ਹਰ 24 ਘੰਟੇ ਬਾਅਦ ਮੈਡੀਕਲ ਹੋਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ 29 ਜੂਨ 2019 ਵਿਚ ਜਦੋਂ ਪਾਕਿਸਤਾਨ ਤੋਂ ਅਟਾਰੀ ਬਾਰਡਰ ਰਾਹੀਂ ਲੂਣ ਦੀ ਖੇਪ ਵਿਚ 532 ਕਿਲੋ ਹੈਰੋਇਨ ਬਰਾਮਦ ਹੋਈ ਸੀ. ਇਸ ਦੇ ਜਾਂਚ ਵਿਚ ਕਈ ਲੋਕ ਗ੍ਰਿਫਤਾਰ ਹੋਏ ਸਨ, ਜਿਸ ਵਿਚ ਦੋ ਕਸ਼ਮੀਰੀ ਨੌਜਵਾਨ ਵੀ ਸ਼ਾਮਲ ਸਨ। ਫੜੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 2700 ਕਰੋੜ ਰੁਪਏ ਦੱਸੀ ਗਈ ਸੀ। ਇਸ ਮਾਮਲੇ ਵਿਚ ਐਨਆਈਏ ਚਾਰਜਸ਼ੀਟ ਪੇਸ਼ ਕਰ ਚੁੱਕੀ ਹੈ। ਉਥੇ ਹੁਣ ਕੇਸ ਦਾ ਟ੍ਰਾਇਲ ਚੱਲ ਰਿਹਾ ਹੈ।