Patiala police chief suspended : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਫਾਇਰਿੰਗ ਮਾਮਲੇ ਵਿਚ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਮੰਗਲਵਾਰ ਨੂੰ ਪਟਿਆਲਾ ਦੇ ਥਾਣਾ ਜੁਲਕਾਂ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੂੰ ਸਸਪੈਂਡ ਕਰ ਦਿੱਤਾ ਗਿਆ। ਉਸ ’ਤੇ ਦੋਸ਼ ਹੈ ਕਿ ਥਾਣਾ ਇੰਚਾਰਜ ਨੇ ਗੈਰ-ਕਾਨੂੰਨੀ ਢੰਗ ਨਾਲ ਆਪਣੇ ਸੀਨੀਅਰ ਅਧਿਕਾਰੀ ਨੂੰ ਬਿਨਾਂ ਦੱਸੇ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਨੂੰ ਸੰਗਰੂਰ ਦੇ ਡੀਐਸਪੀ ਦਲਜੀਤ ਵਿਰਕ ਦੇ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਤਾਇਨਾਤ ਕੀਤਾ ਹੋਇਆ ਸੀ। ਪੁਲਿਸ ਦੀ ਏਕੇ-47 ਨਾਲ ਮੂਸੇਵਾਲਾ ਦੇ ਫਾਇਰਿੰਗ ਕਰਨ ਵਾਲੇ ਵੀਡੀਓ ਵਿਚ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਵੀ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਇਸ ਮਾਮਲੇ ਵਿਚ ਡੀਐਸਪੀ ਸਣੇ ਛੇ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਹੀ ਸਸਪੈਡ ਕੀਤਾ ਜਾ ਚੁੱਕਾ ਹੈ। ਉਥੇ, ਬਰਨਾਲਾ ਵਿਚ ਮੂਸੇਵਾਲਾ ਸਣੇ ਨੌ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਏਐਸਪੀ ਨੇ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਅਤੇ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਖਿਲਾਫ ਵਿਭਾਗੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਗੁਰਪ੍ਰੀਤ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਉਸ ’ਤੇ ਡੀਜੀਪੀ ਦੇ ਪੁਲਿਸ ਫੋਰਸ ਦੀ ਗੈਰ-ਕਾਨੂੰਨੀ ਤਾਇਨਾਤੀ ਨਾ ਕਰਨ ਦੇ ਜਾਰੀ ਹੁਕਮ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਹਨ। ਨੋਟਿਸ ਵਿਚ ਥਾਣਾ ਇੰਚਾਰਜ ਤੋਂ ਪੁੱਛਿਆ ਗਿਆ ਹੈ ਕਿ ਕਿਉਂ ਨਾ ਹੈੱਡ ਕਾਂਸਟੇਬਲ ਦੀ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ ਉਸ ਤੋਂ ਹੀ ਦਿਵਾਈ ਜਾਵੇ।
ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ‘ਤੇ ਇੱਕ ਹੋਰ ਫਾਇਰਿੰਗ ਮਾਮਲੇ ‘ਚ ਕੇਸ ਦਰਜ ਹੋਇਆ ਹੈ। ਅਸਲ ‘ਚ ਸਿੱਧੂ ਮੂਸੇਵਾਲਾ ਦੀ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ‘ਚ ਉਹ ਪੁਲਿਸ ਰੇਂਜ਼ ਲੱਢਾ ਕੋਠੀ ‘ਚ ਫਾਇਰਿੰਗ ਕਰ ਰਿਹਾ ਹੈ ਜਿਸ ਦੇ ਵਾਇਰਲ ਹੋਣ ਤੋਂ ਬਾਅਦ ਧੂਰੀ ਦੀ ਪੁਲਿਸ ਨੇ ਸਿੱਧੂ ਮੂਸੇਵਾਲਾ ‘ਤੇ ਕੇਸ ਦਰਜ ਕੀਤਾ ਹੈ। ਬੀਤੇ ਕੁੱਝ ਦਿਨ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੀ ਇੱਕ ਸੋਸ਼ਲ ਮੀਡੀਆਂ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਪੁਲਿਸ ਮੁਲਾਜ਼ਮ ਪਿੰਡ ਬਡਬਰ ਵਿੱਚ ਫਾਇਰਿੰਗ ਰੇਂਜ ਵਿਚ ਉਸ ਨੂੰ ਏਕੇ-47 ਚਲਾਉਣ ਦੀ ਟ੍ਰੇਨਿੰਗ ਦੇ ਰਹੇ ਸਨ ਜਿਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਾਂਚ ਕਰਨ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਣੇ ਪੰਜ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।