PM Amit Shah Meet: ਨਵੀਂ ਦਿੱਲੀ: ਕੋਰੋਨਾ ਵਾਇਰਸ ਲਾਕਡਾਊਨ ਨੂੰ ਅੱਗੇ ਵਧਾਉਣ ਦੇ ਤਰੀਕਿਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ । ਲਾਕਡਾਊਨ ਦਾ ਚੌਥਾ ਪੜਾਅ ਐਤਵਾਰ ਨੂੰ ਖਤਮ ਹੋ ਰਿਹਾ ਹੈ । ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਦੇ ਵਿਚਕਾਰ ਲਾਕਡਾਊਨ ਬਾਰੇ ਫੈਸਲਾ ਅੱਜ ਆ ਸਕਦਾ ਹੈ । ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਖੇਤਰਾਂ ਅਤੇ ਰਾਜਾਂ ਨੂੰ ਮਿਲੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਲਈ ਕਿਹਾ ਹੈ।
ਸੂਤਰਾਂ ਨੇ ਕਿਹਾ ਕਿ ਕੁਝ ਰਾਜ ਪਹਿਲਾਂ ਹੀ ਲਾਕਡਾਊਨ ਨੂੰ ਵਧਾ ਚੁੱਕੇ ਹਨ ਅਤੇ “ਉਨ੍ਹਾਂ ਨੂੰ ਆਪਣੇ ਪੱਧਰ ‘ਤੇ ਅਜਿਹਾ ਕਰਨ ਤੋਂ ਨਹੀਂ ਰੋਕਿਆ ਗਿਆ ਹੈ।” ਕਾਂਗਰਸ ਸ਼ਾਸਿਤ ਰਾਜਾਂ ਨੇ ਕਥਿਤ ਤੌਰ ‘ਤੇ ਲਾਕਡਾਊਨ ਖਤਮ ਕਰਨ ਲਈ ਕਿਹਾ ਹੈ । ਸੂਤਰਾਂ ਨੇ ਦੱਸਿਆ ਕਿ ਉੱਥੇ ਹੀ ਕਰਨਾਟਕ ਵਰਗੇ ਰਾਜਾਂ ਨੇ ਧਾਰਮਿਕ ਕੇਂਦਰਾਂ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਹੈ । ਮਾਰਚ ਵਿੱਚ ਲਾਕਡਾਊਨ ਤੋਂ ਲੈ ਕੇ ਹੁਣ ਤੱਕ ਸਾਰੇ ਦੇਸ਼ ਵਿੱਚ ਧਾਰਮਿਕ ਸਥਾਨਾਂ ਅਤੇ ਧਾਰਮਿਕ ਸਮਾਗਮਾਂ ‘ਤੇ ਪਾਬੰਦੀ ਲਗਾਈ ਗਈ ਹੈ । ਇਨ੍ਹਾਂ ਥਾਵਾਂ ‘ਤੇ ਲੋਕਾਂ ਦੀ ਜ਼ਿਆਦਾ ਭੀੜ ਹੁੰਦੀ ਹੈ ਅਤੇ ਸਮਾਜਿਕ ਦੂਰੀਆਂ ਨੂੰ ਲਾਗੂ ਕਰਵਾਉਣਾ ਮੁਸ਼ਕਿਲ ਹੁੰਦਾ ਹੈ । ਇਸ ਮੀਟਿੰਗ ਵਿੱਚ ਕੈਬਨਿਟ ਸਕੱਤਰ ਰਾਜੀਵ ਗੌਬਾ ਅਤੇ ਹੋਰ ਮੰਤਰੀ ਮੌਜੂਦ ਸਨ ।
ਇਸ ਤੋਂ ਪਹਿਲਾਂ ਕੋਰੋਨਾ ਸੰਕਟ ਦੇ ਵਿਚਕਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਸੀ । ਲਾਕਡਾਊਨ-4 ਖਤਮ ਹੋਣ ਤੋਂ ਪਹਿਲਾਂ ਹੀ ਗ੍ਰਹਿ ਮੰਤਰੀ ਮੁੱਖ ਮੰਤਰੀਆਂ ਨਾਲ ਸਲਾਹ-ਮਸ਼ਵਰਾ ਕੀਤਾ । ਇਸ ਦੌਰਾਨ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਹੋਏ । ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਸਭ ਤੋਂ ਪਹਿਲਾਂ 25 ਮਾਰਚ ਨੂੰ ਲਗਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਤਿੰਨ ਵਾਰ ਵਧਾਇਆ ਗਿਆ ਹੈ । ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ, “ਗ੍ਰਹਿ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਅਤੇ 31 ਮਈ ਤੋਂ ਬਾਅਦ ਲਾਕਡਾਊਨ ਵਧਾਉਣ ‘ਤੇ ਉਨ੍ਹਾਂ ਦੇ ਵਿਚਾਰ ਜਾਣੇ ।”
ਮੁੱਖ ਮੰਤਰੀਆਂ ਨਾਲ ਆਪਣੀ ਗੱਲਬਾਤ ਦੌਰਾਨ ਸ਼ਾਹ ਨੇ ਰਾਜਾਂ ਦੀ ਚਿੰਤਾਜਨਕ ਸਥਿਤੀ ਦੇ ਖੇਤਰਾਂ ਬਾਰੇ ਵਿੱਚ ਉਨ੍ਹਾਂ ਦੇ ਵਿਚਾਰ ਜਾਣੇ ਅਤੇ 1 ਜੂਨ ਤੋਂ ਬਾਅਦ ਕਿਹੜੇ ਖੇਤਰਾਂ ਨੂੰ ਖੋਲ੍ਹਣਾ ਚਾਹੁੰਦੇ ਹਨ ਬਾਰੇ ਸਲਾਹ ਵੀ ਲਈ ਗਈ। ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਪੜਾਅ ‘ਤੇ ਲਾਕਡਾਊਨ ਵਧਾਉਣ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਜਾਣਨ ਲਈ ਵੀਡੀਓ ਕਾਨਫਰੰਸ ਜ਼ਰੀਏ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਸਨ ।