Police fired in Air : ਢੰਡਾਰੀ ਕਲਾਂ ਵਿਖੇ ਕੋਰੋਨਾ ਮਹਾਮਾਰੀ ਕਾਰਨ ਰਾਸ਼ਨ ਨਾ ਮਿਲਣ ਕਾਰਨ ਗੁੱਸੇ ਵਿਚ ਆਏ ਪ੍ਰਵਾਸੀ ਮਜ਼ਦੂਰਾਂ ਦਿੱਲੀ ਹਾਈਵੇ ‘ਤੇ ਇਕੱਠਾ ਹੋ ਕੇ ਉਥੋਂ ਲੰਘਣ ਵਾਲੇ ਵਾਹਨਾਂ ‘ਤੇ ਪਥਰਾਅ ਕੀਤਾ। ਬਾਅਦ ਵਿਚ ਪੁਲਿਸ ਨੇ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਹਵਾ ਵਿਚ ਫਾਇਰਿੰਗ ਕੀਤੀ ਤੇ ਲਾਠੀਆਂ ਨਾਲ ਦੌੜਾਇਆ। ਪੰਜਾਬ ਵਿਚ 41 ਦਿਨਾਂ ਦਾ ਕਰਫਿਊ ਲੱਗਾ ਹੋਇਆ ਹੈ। ਸਾਰੇ ਕੰਮ ਬੰਦ ਹਨ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਕਈ ਸਾਰੇ ਪ੍ਰਵਾਸੀ ਮਜ਼ਦੂਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਭੁੱਖੇ ਰਹਿਣ ਲਈ ਮਜਬੂਰ ਹਨ।
ਰਾਸ਼ਨ ਨਾ ਮਿਲਣ ਕਾਰਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਰੇਲਵੇ ਟਰੈਕ ‘ਤੇ ਇਕੱਠੇ ਹੋ ਗਏ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਰਾਸ਼ਨ ਉਪਲਬਧ ਨਹੀਂ ਕਰਵਾ ਸਕਦੀ ਤਾਂ ਉਨ੍ਹਾਂ ਨੂੰ ਵਾਪਸ ਆਪਣੇ ਘਰ ਭੇਜ ਦਿੱਤਾ ਜਾਵੇ ਪਰ ਉਥੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਉਹ ਦਿੱਲੀ ਹਾਈਵੇ ‘ਤੇ ਪਹੁੰਚ ਗਏ। ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਿਸ ਅਤੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਮਜ਼ਦੂਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮਜ਼ਦੂਰ ਕਸੇ ਨੂੰ ਵੀ ਸੁਣਨ ਲਈ ਤਿਆਰ ਨਹੀਂ ਸਨ। ਕੁਝ ਮਜ਼ਦੂਰਾਂ ਨੇ ਪੁਲਿਸ ਅਤੇ ਉਥੋਂ ਲੰਘ ਰਹੇ ਵਾਹਨਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਵਲੋਂ ਮਜ਼ਦੂਰਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਕਿਸੇ ਵੀ ਤਰ੍ਹਾਂ ਨਹੀਂ ਮੰਨ ਰਹੇ। ਇਸੇ ਕਰਕੇ ਉਨ੍ਹਾਂ ਨੂੰ ਹਵਾ ਵਿਚ ਫਾਇਰ ਕਰਨਾ ਪਿਆ।