Poor PPE kits : ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਮੈਡੀਕਲ ਸਟਾਫ ਵਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਉਹ ਆਪਣੀ ਜਾਨ ਨੂੰ ਦਾਅ ‘ਤੇ ਲਗਾ ਕੇ ਆਪਣੀ ਡਿਊਟੀ ਨੂੰ ਨਿਭਾ ਰਹੇ ਹਨ। ਇੰਫੈਕਟਿਡ ਮਰੀਜਾਂ ਦੇ ਇਲਾਜ ਦੌਰਾਨ ਸਰਫ ਪੀਪੀਈ ਕਿੱਟ ਹੀ ਡਾਕਟਰਾਂ ਲਈ ਸੁਰੱਖਿਆ ਕਵਚ ਹੈ। ਤੇ ਜੇਕਰ ਇਹ ਕਿੱਟਾਂ ਹੀ ਹਲਕੀਆਂ ਹੋਣਗੀਆਂ ਤਾਂ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।
ਅਜਿਹੀ ਹੀ ਇਕ ਘਟਨਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਸਾਹਮਣੇ ਆ ਹੈ ਜਿਥੇ ਪਤਾ ਲੱਗਾ ਹੈ ਕਿ ਘਟੀਆ ਪੀਪੀਈ ਕਿੱਟਾਂ ਦੀ ਵਜ੍ਹਾ ਨਾਲ ਡਾਕਟਰ ਤੇ ਨਰਸਿੰਗ ਸਟਾਫ ਬੇਹੋਸ਼ ਹੋ ਰਹੇ ਹਨ। ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੇ ਕਰਮਚਾਰੀਆਂ ਨੂੰ ਹਸਪਤਾਲ ਵਲੋਂ ਉਪਲਬਧ ਕਰਵਾਈਆਂ ਗਈਆਂ ਇਹ ਪੀਪੀਈ ਕਿੱਟਾਂ ਕਾਫੀ ਹਲਕੀਆਂ ਹਨ। ਪੂਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਹਸਪਤਾਲ ਦੇ ਕੋਵਿਡ ਆਈਸੋਲੇਸ਼ਨ ਸੈਂਟਰ ਵਿਚ ਡਿਊਟੀ ਦੇ ਰਹੇ ਸਰਜਨ ਡਾ. ਮਿਲਨ ਵਰਮਾ ਨੇ ਅਜਿਹੇ ਮਾਮਲੇ ਹੋਣ ‘ਤੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਮੋਹਿੰਦਰ ਸਿੰਘ ਤੇ ਕੋਵਿਡ-19 ਦੇ ਜਿਲਾ ਨੋਡਲ ਅਫਸਰ ਸੰਯਮ ਅਗਰਵਾਲ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਇਨ੍ਹਾਂ ਉਪਲਬਧ ਕਰਵਾਈਆਂ ਗਈਆਂ ਪੀਪੀਈ ਕਿੱਟਾਂ ਦੀ ਜਾਂਚ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਘਟੀਆ ਪੀਪੀਈ ਕਿੱਟਾਂ ਕਾਰਨ ਵੱਡੀ ਗਿਣਤੀ ਵਿਚ ਮੈਡੀਕਲ ਸਟਾਫ ਇਸ ਵਾਇਰਸ ਦੀ ਲਪੇਟ ਵਿਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੰਪਨੀ ਅਜਿਹੀਆਂ ਘਟੀਆ ਪੀਪੀਈ ਕਿੱਟਾਂ ਬਣਾਉਂਦੀ ਫੜੀ ਜਾਂਦੀ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਕਿੱਟਾਂ ਸਿਹਤ ਵਿਭਾਗ ਵਲੋਂ ਉਪਲਬਧ ਕਰਵਾਈਆਂ ਗਈਆਂ ਹਨ। SSO ਡਾ. ਗੀਤਾ ਨੇ ਕਿਹਾ ਕਿ ਡਾ. ਮਿਲਨ ਵਰਮਾ ਨੇ ਕਿਹਾ ਕਿ ਹਸਪਤਾਲ ਵਿਚ ਭੇਜੀਆਂ ਗਈਆਂ ਸਫੈਦ ਰੰਗ ਦੀਆਂ ਪੀਪੀਆ ਕਿੱਟਾਂ ਦਾ ਮਟੀਰੀਅਲ ਬਹੁਤ ਹਲਕਾ ਤੇ ਪਲਾਸਿਟਕ ਵਰਗਾ ਹੈ। ਇਹ ਕਿੱਟਾਂ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਮਾਪਦੰਡਾਂ ਦੇ ਅਨੁਸਾਰ ਨਹੀਂ ਹੈ। ਸਿਵਲ ਸਰਜਨ ਡਾ.ਰਾਜੇਸ਼ ਬੱਗਾ ਨੇ ਕਿਹਾ ਕਿ ਇਨ੍ਹਾਂ ਕਿੱਟਾਂ ਦੀ ਜਾਂਚ ਕਰਵਾਈ ਜਾਵੇਗੀ ਤੇ ਪਤਾ ਲਗਾਇਆ ਜਾਵੇਗਾ ਕਿ ਇਹ ਕਿੱਟਾਂ ਕਿਸ ਕੰਪਨੀ ਦੀਆਂ ਹਨ ਤੇ ਨਾਲ ਹੀ ਉਨ੍ਹਾਂ ਨੇ ਮੈਡੀਕਲ ਸਟਾਫ ਲਈ ਵਧੀਆ ਪੀਪੀਈ ਕਿੱਟਾਂ ਉਪਲਬਧ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ।