Power department’s deed : ਇਕ ਪਾਸੇ ਜਿਥੇ ਲੌਕਡਾਊਨ ਕਾਰਨ ਲਗਭਗ ਸਾਰਿਆਂ ਦੇ ਕੰਮਕਾਜ ਬੰਦ ਪਏ ਹਨ ਤੇ ਲੋਕਾਂ ਨੂੰ ਆਰਥਿਕ ਮੰਦਹਾਲੀ ਤੋਂ ਗੁਜ਼ਰਨਾ ਪੈ ਰਿਹਾ ਹੈ ਉਥੇ ਦੂਜੇ ਪਾਸੇ ਬਿਜਲੀ ਵਿਭਾਗ ਵਲੋਂ ਕੀਤੀਆਂ ਗਲਤੀਆਂ ਦਾ ਹਰਜ਼ਾਨਾ ਵੀ ਆਮ ਲੋਕਾਂ ਨੂੰ ਭਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮਾਨਸਿਕ ਪ੍ਰੇਸ਼ਾਨੀ ਤੋਂ ਲੰਘਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਮੰਡੀ ਗੋਬਿੰਦਗੜ੍ਹ ਤੋਂ ਜਿਥੇ ਇਕ ਗਰੀਬ ਪਰਿਵਾਰ ਦਾ ਬਿਜਲੀ ਦਾ ਬਿੱਲ 4 ਲੱਖ ਬਣ ਕੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਅਮਰੀਕ ਸਿੰਘ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ 200 ਰੁਪਏ ਦਿਹਾੜੀ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੇ ਘਰ ਵਿਚ 4 ਬਲੱਬ ਤੇ ਤਿੰਨ ਪੱਖੇ ਹਨ ਤੇ ਉਸ ਨੂੰ ਸਰਕਾਰ ਵਲੋਂ 100 ਯੂਨਿਟ ਬਿਜਲੀ ਮੁਆਫ ਵੀ ਕੀਤੀ ਹੋਈ ਹੈ ਤੇ ਅਜਿਹੀ ਹਾਲਤ ਵਿਚ ਉਨ੍ਹਾਂ ਦੇ ਘਰ ਦਾ ਬਿੱਲ 4 ਲੱਖ ਆਉਣਾ ਕਿਥੋਂ ਤਕ ਮੁਨਾਸਿਬ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋਂ 2019 ਵਿਚ ਉਸ ਦੇਘਰ ਦਾ ਬਿੱਲ 3 ਲੱਖ 80 ਹਜ਼ਾਰ ਰੁਪਏ ਭੇਜਿਆ ਗਿਆ ਤੇ ਬਿੱਲ ਨਾ ਭਰਨ ਕਾਰਨ ਉਸ ਦੇ ਘਰ ਦਾ ਮੀਟਰ ਕੱਟ ਦਿੱਤਾ ਗਿਆ ਤੇ ਲਗਭਗ 1 ਸਾਲ ਤੋਂ ਉਹ ਬਿਨਾਂ ਬਿਜਲੀ ਤੋਂ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਇਕ ਸਾਲ ਤੋਂ ਬਿਜਲੀ ਵਿਭਾਗ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।
ਲੋਕ ਇਨਸਾਫ ਪਾਰਟੀ ਦੇ ਵਰਕਰ ਮਲਕੀਤ ਸਿੰਘ ਨੇ ਬਿਜਲੀ ਵਿਭਾਗ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਅਮਲੋਹ ਦੇ ਐੱਸ. ਡੀ. ਐੱਮ. ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਉਨ੍ਹਾਂ ਵਲੋਂ ਛੇਤੀ ਹੀ ਉਨ੍ਹਾਂ ਦੀ ਮੁਸ਼ਕਲ ਦਾ ਹੱਲ ਲੱਭਣ ਦਾ ਭਰੋਸਾ ਦਿਵਾਇਆ ਗਿਆ ਹੈ।