Prime Minister Narendra Modi: ਨਵੀ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵੱਲੋਂ ਲਏ ਗਏ ਫੈਸਲਿਆਂ ਵਿੱਚ ਪ੍ਰਵਾਸੀ ਮਜ਼ਦੂਰਾਂ, ਬਜ਼ੁਰਗ ਨਾਗਰਿਕਾਂ ਦੀ ਭਲਾਈ ਅਤੇ ਆਸਾਨ ਕਰਜ਼ੇ ਮੁਹੱਈਆ ਕਰਵਾਉਣ ਦੇ ਨਾਲ ਮੱਛੀ ਪਾਲਣ ਦੇ ਖੇਤਰ ਨੂੰ ਮੌਕੇ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਕੀਤਾ ਗਿਆ ਹੈ । ਇਸ ਸਬੰਧੀ ਕੀਤੇ ਗਏ ਟਵੀਟ ਵਿੱਚ ਪੀਐਮ ਮੋਦੀ ਕਿਹਾ ਕਿ ਅੱਜ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਖਾਸ ਤੌਰ ‘ਤੇ ਪ੍ਰਵਾਸੀ ਮਜ਼ਦੂਰਾਂ, ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਮੌਕਿਆਂ, ਮੱਛੀ ਪਾਲਣ ਦੇ ਖੇਤਰ ਅਤੇ ਸੌਖੀ ਉਧਾਰੀ ਦੇਣ ’ਤੇ ਜ਼ੋਰ ਦੇ ਕੇ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਗਏ ਹਨ ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨਾਗਰਿਕ ਇਨ੍ਹਾਂ ਫੈਸਲਿਆਂ ਦਾ ਲਾਭ ਲੈਣਗੇ। ਪ੍ਰਧਾਨ ਮੰਤਰੀ ਮੱਤਸ ਸੰਪਦਾ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਮੱਛੀ ਪਾਲਣ ਦੇ ਖੇਤਰ ਵਿੱਚ ਕ੍ਰਾਂਤੀ ਆਵੇਗੀ। ਉਨ੍ਹਾਂ ਕਿਹਾ ਕਿ ਇਹ ਨਵੀਨਤਮ ਤਕਨਾਲੋਜੀ, ਬੁਨਿਆਦੀ ਢਾਂਚੇ ਨਾਲ ਮੱਛੀ ਪਾਲਣ ਦੇ ਖੇਤਰ ਨੂੰ ਮਜ਼ਬੂਤ ਕਰੇਗਾ ਅਤੇ ਵਿੱਤੀ ਸਹਾਇਤਾ ਨੂੰ ਯਕੀਨੀ ਬਣਾਵੇਗਾ । ਸਾਡੇ ਮਿਹਨਤੀ ਮਛੇਰੇ ਬਹੁਤ ਜ਼ਿਆਦਾ ਲਾਭ ਲੈਣਗੇ।
ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਦੇ ਹੋਰ ਮਹੱਤਵਪੂਰਨ ਫੈਸਲਿਆਂ ਦਾ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ, “ਇਹ ਸਵੈ-ਨਿਰਭਰ ਭਾਰਤ ਪ੍ਰਤੀ ਯਤਨ ਮਜ਼ਬੂਤ ਕਰੇਗਾ । ਫੂਡ ਪ੍ਰੋਸੈਸਿੰਗ ਮੰਤਰਾਲੇ ਅਨੁਸਾਰ ਮਾਈਕਰੋ-ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਰਸਮੀ ਬਣਾਉਣ ਦੀ ਯੋਜਨਾ ਬਾਰੇ ਕੇਂਦਰੀ ਕੈਬਨਿਟ ਦੇ ਫੈਸਲੇ ਨਾਲ ਸਵੈ-ਸਹਾਇਤਾ ਸਮੂਹਾਂ, ਸਹਿਕਾਰੀ ਅਤੇ ਮਾਈਕਰੋ-ਫੂਡ ਕਾਰੋਬਾਰਾਂ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਪੇਂਡੂ-ਸ਼ਹਿਰੀ ਭਾਈਚਾਰਿਆਂ ਲਈ ਢੁੱਕਵਾਂ ਰੁਜ਼ਗਾਰ ਯਕੀਨੀ ਹੋਵੇਗਾ । ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਬਜ਼ੁਰਗ ਨਾਗਰਿਕਾਂ ਲਈ ਇੱਕ ਸਮਾਜਿਕ ਸੁਰੱਖਿਆ ਯੋਜਨਾ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ (PMVVY) ਨੂੰ ਤਿੰਨ ਸਾਲ ਯਾਨੀ ਕਿ ਮਾਰਚ 2023 ਤੱਕ ਵਧਾ ਦਿੱਤਾ ਹੈ।