PSPCL to open 515 cash : ਕੈਪਟਨ ਅਮਰਿੰਦਰ ਸਿੰਘ ਨੇ ਅੱਜ PSPCL ਨੂੰ 8 ਮਈ ਤੋਂ ਸੂਬਾ ਭਰ ਵਿੱਚ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਸਾਰੇ 515 ਕੈਸ਼ ਕੁਲੈਕਸ਼ਨ ਸੈਂਟਰ ਖਪਤਕਾਰਾਂ ਦੇ ਬਿੱਲ ਜਮ੍ਹਾਂ ਕਰਵਾਉਣ ਲਈ ਚਲਾਉਣ ਦੇ ਹੁਕਮ ਦਿੱਤੇ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਖਿਆ। ਸੂਬਾ ਸਰਕਾਰ ਵੱਲੋਂ ਗਠਿਤ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਪੀ.ਐਸ.ਪੀ.ਸੀ.ਐਲ. ਵੱਲੋਂ ਕੰਮ ਸ਼ੁਰੂ ਲਈ ਤਿਆਰ ਕੀਤੀ ਵਿਸਥਾਰਤ ਰਣਨੀਤੀ ਨੂੰ ਪ੍ਰਵਾਨਗੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਬਿਜਲੀ ਦਾ ਮਹਿਕਮਾ ਵੀ ਹੈ, ਨੇ ਮੀਟਰ ਰੀਡਰਾਂ ਨੂੰ ਮੀਟਰਾਂ ’ਤੇ ਯੂਨਿਟਾਂ ਦੀ ਖਪਤ ਬਾਰੇ ਸੂਚਨਾ ਇਕੱਤਰ ਕਰਨ (ਮੀਟਰ ਰੀਡਿੰਗ) ਦਾ ਕਾਰਜ ਬਹਾਲ ਕਰਨ ਲਈ ਆਖਿਆ ਤਾਂ ਕਿ ਬਿਜਲੀ ਬਿੱਲਾਂ ਬਾਰੇ ਸ਼ਿਕਾਇਤਾਂ ਦੀ ਗਿਣਤੀ ਘਟਾਉਣ ਲਈ ਖਪਤਕਾਰਾਂ ਨੂੰ ਯੂਨਿਟਾਂ ਦੀ ਖਪਤ ਦੇ ਅਨੁਕੂਲ ਬਿੱਲ ਦੇਣਾ ਯਕੀਨੀ ਬਣਾਇਆ ਜਾ ਸਕੇ। ਸਾਰੇ ਮੀਟਰ ਰੀਡਰਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਕਾਇਮ ਲਈ ਆਖਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਨੁਕਸਦਾਰ ਮੀਟਰਾਂ ਨੂੰ ਬਦਲਣ ਤੋਂ ਇਲਾਵਾ ਲੋੜ ਮੁਤਾਬਕ ਮੀਟਰ ਤੇ ਜ਼ਰੂਰੀ ਸਾਮਾਨ ਦੀ ਪੂਰਤੀ ਲਈ ਸਟੋਰਾਂ ਅਤੇ ਮੀਟਰਿੰਗ ਲੈਬਾਂ ਸਮੇਤ ਹੋਰ ਸਰਗਰਮੀਆਂ ਸ਼ੁਰੂ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ। ਇਸ ਤਰ੍ਹਾਂ ਨੁਕਸਦਾਰ ਮੀਟਰਾਂ ਨੂੰ ਬਦਲਣ ਨਾਲ ਇਸ ਬਾਰੇ ਸ਼ਿਕਾਇਤਾਂ ਵਿੱਚ ਕਮੀ ਆਵੇਗੀ। ਇਸ ਤੋ ਇਲਾਵਾਂ ਵੰਡ ਵਿਭਾਗਾਂ (ਡੀ.ਐਸ./ਏਪੀਡੀਆਰਪੀ/ਟੀਐਸ/ਪੀ.ਐਂਡ ਐਮ) ਵੱਲੋਂ ਨਿਰਮਾਣ ਅਤੇ ਰੱਖ-ਰਖਾਵ ਸਬੰਧੀ ਸਾਰੀਆਂ ਗਤੀਵਿਧੀਆਂ ਵੀ ਮੁੜ ਸ਼ੁਰੂ ਕੀਤੀਆਂ ਜਾਣਗੀਆਂ ਜਿਵੇਂ ਗਰਮੀਆਂ ਅਤੇ ਝੋਨੇ ਦੀ ਲੁਆਈ ਲਈ ਤਿਆਰੀਆਂ ਅਤੇ ਉਪਭੋਗਤਾਵਾਂ ਲਈ ਨਿਰਵਿਘਨ ਬਿਜਲੀ ਸਪਲਾਈ ਸਬੰਧੀ ਅਗਾਊਂ ਵਿਉਤਬੰਦੀ ਕਰਨਾ ਸ਼ਾਮਲ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਮੁੱਖ ਸਕੱਤਰ ਬਿਜਲੀ ਸ੍ਰੀ ਏ.ਵੇਣੂੰ ਪ੍ਰਸਾਦ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਲਈ ਹਦਾਇਤਾਂ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਪਾਵਰਕਾਮ ਨੂੰ ਇਨ੍ਹਾਂ ਗਤੀਵਿਧੀਆਂ ਨੂੰ ਸੁਚਾਰੂ ਰੂਪ ਵਿੱਚ ਅਮਲ ਵਿੱਚ ਲਿਆਉਣ ਲਈ ਲੋੜੀਂਦੀ ਸਹਾਇਤਾ ਅਤੇ ਸਹਿਯੋਗ ਮਿਲ ਸਕੇ। ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਪਾਸੋਂ ਸਥਾਨਕ ਪੱਧਰ ‘ਤੇ ਸਹਿਯੋਗ ਮੁਹੱਈਆ ਕਰਵਾਏ ਜਾਣ ਲਈ ਵੀ ਆਖਿਆ ਗਿਆ ਤਾਂ ਜੋ ਕੈਸ਼ ਕਾਊਂਟਰਾਂ ਉਪਰ ਭੀੜ ਜਮ੍ਹਾ ਹੋਣ ਤੋਂ ਰੋਕਿਆ ਜਾ ਸਕੇ।