Punjab Government Launches : ਕੋਰੋਨਾ ਵਾਇਰਸ ਕਾਰਨ ਗੈਰ-ਸਮਾਰਟ ਕਾਰਡ ਧਾਰਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ‘ਆਤਮ ਨਿਰਭਰ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸੂਬੇ ਦੇ 14.15 ਲੋਕਾਂ ਨੂੰ ਕਵਰ ਕੀਤਾ ਜਾਵੇਗਾ। ਇਸ ਯੋਜਨਾ ਦਾ ਆਗਾਜ਼ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਤਰਫੋਂ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਨੇ ਲੁਧਿਆਣਾ ਵਿਖੇ ਕੀਤਾ। ਲੁਧਿਆਣਾ (ਪੂਰਬੀ) ਹਲਕੇ ਦੇ ਵਿਧਾਇਕ ਸੰਜੀਵ ਤਲਵਾੜ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਅੰਮ੍ਰਿਤ ਸਿੰਘ ਅਤੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸਵਾਤੀ ਟਿਵਾਣਾ, ਸੁਖਵਿੰਦਰ ਸਿੰਘ ਗਿੱਲ ਤੇ ਮਿਸ ਹਰਵੀਨ ਕੌਰ (ਦੋਵੇਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ) ਅਤੇ ਹੋਰ ਵੀ ਹਾਜ਼ਰ ਸਨ।
ਸ੍ਰੀਮਤੀ ਆਸ਼ੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਤਮ ਨਿਰਭ ਸਕੀਮ ਤਹਿਤ ਅਜਿਹੇ ਲੋੜਵੰਦ ਵਿਅਕਤੀ/ਲੇਬਰ/ਪ੍ਰਵਾਸੀ ਮਜ਼ਦੂਰਾਂ ਨੂੰ ਵੀ ਮੁਫਤ ਰਾਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜੋ ਸਮਾਰਟ ਰਾਸ਼ਨ ਕਾਰਡ ਧਾਰਕ ਨਹੀਂ ਹਨ।ਇਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਆਤਮ ਨਿਰਭਰ ਸਕੀਮ ਅਧੀਨ ਇਨ੍ਹਾਂ ਲੋੜਵੰਦਾਂ ਨੂੰ 10 ਕਿਲੋ ਆਟਾ, ਇੱਕ ਕਿਲੋ ਦਾਲ, ਇੱਕ ਕਿਲੋ ਖੰਡ ਪ੍ਰਤੀ ਜੀਅ ਮੁਹੱਈਆ ਕਰਵਾਈ ਜਾਵੇਗੀ। ਇਸ ਸਕੀਮ ਅਧੀਨ ਪ੍ਰਵਾਸੀ ਮਜ਼ਦੂਰਾਂ ਤੋਂ ਇਲਾਵਾ ਰਜਿਸਟਰਡ ਕਾਮੇ/ਭੱਠਿਆਂ ‘ਤੇ ਕੰਮ ਕਰਦੇ ਮਜ਼ਦੂਰ ਵੀ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖੁਰਾਕ ਸਪਲਾਈ ਵਿਭਾਗ ਵੱਲੋਂ ਲੋਕਾਂ ਤਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਰਾਸ਼ਨ ਪਹੁੰਚਾਉਣ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਖੁਰਾਕ ਸਪਲਾਈ ਵਿਭਾਗ ਵੱਲੋਂ 10 ਕਿਲੋ ਆਟਾ, 2 ਕਿਲੋ ਦਾਲ, 2 ਕਿਲੋ ਖੰਡ ਦੀਆਂ ਰਾਸ਼ਨ ਕਿੱਟਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਲਗਭਗ 17 ਲੱਖ ਤੋਂ ਵੱਧ ਅਜਿਹੀਆਂ ਰਾਸ਼ਨ ਕਿੱਟਾਂ ਤਿਆਰ ਕਰਕੇ ਸੂਬੇ ਭਰ ਰਹਿ ਰਹੇ ਗੈਰ ਸਮਾਰਟ ਕਾਰਡ ਧਾਰਕਾਂ ਅਤੇ ਪ੍ਰਵਾਸੀ ਮਜ਼ਦੂਰਾਂ ਵਿੱਚ ਵੰਡੀਆਂ ਜਾ ਚੁੱਕੀਆਂ ਹਨ ਅਤੇ ਇਹ ਕੰਮ ਲਗਾਤਾਰ ਜਾਰੀ ਹੈ, ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਇਕੱਲੇ ਜ਼ਿਲ੍ਹਾ ਲੁਧਿਆਣਾ ਵਿੱਚ 6 ਲੱਖ ਫੂਡ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਲੋੜਵੰਦ ਲੋਕਾਂ ਨੂੰ ਅਨਾਜ ਸਮੇਂ ਸਿਰ ਪੁੱਜਦਾ ਕਰਨ ਲਈ ਰਾਜ ਸਰਕਾਰ ਨੇ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਅਲਾਟ 14,145 ਮੀਟ੍ਰਿਕ ਟਨ ਕਣਕ ਦੀ ਚੁਕਾਈ ਐਫ.ਸੀ.ਆਈ. ਦੇ ਗੁਦਾਮਾਂ ਤੋਂ ਬਹੁਤ ਤੇਜ਼ੀ ਨਾਲ ਕੀਤੀ ਗਈ। ਪੰਜਾਬ ਦੇਸ਼ ਦਾ ਇਕੱਲਾ ਅਜਿਹਾ ਰਾਜ ਹੈ, ਜਿਸ ਨੇ ਲੌਕਡਾਊਨ ਕਾਰਨ ਬੰਦ ਚੱਕੀਆਂ ਨੂੰ ਦੇਖਦੇ ਹੋਏ ਲੋਕਾਂ ਦੀਆਂ ਮੁਸ਼ਕਿਲਾਂ ਘਟਾਉਣ ਲਈ ਕਣਕ ਪਿਸਾ ਕੇ ਆਟਾ ਵੰਡਿਆ ਹੈ ਅਤੇ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਦਾਲ ਦੇਣ ਦੀ ਥਾਂ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਦਾਲ ਦਿੱਤੀ ਹੈ।
ਇਸ ਮੌਕੇ ਉਕਤ ਤੋਂ ਇਲਾਵਾ ਵਿਜੇ ਕਲਸੀ ਵਾਰਡ ਇੰਚਾਰਜ, ਵਿਪਨ ਵਿਨਾਇਕ, ਸੁਖਦੇਵ ਬਾਵਾ, ਵਰਿੰਦਰ ਸਹਿਗਲ, ਜਗਦੀਸ਼ ਲਾਲ, ਮੋਨੂੰ ਖਿੰਦਾ, ਹਰਜਿੰਦਰਪਾਲ ਸਿੰਘ ਲਾਲੀ, ਹੈਪੀ ਰੰਧਾਵਾ, ਨਰੇਸ਼ ਉੱਪਲ, ਸਰਬੱਜੀਤ ਸਿੰਘ, ਕੰਚਨ ਮਲਹੋਤਰਾ, ਉਮੇਸ਼ ਸ਼ਰਮਾ, ਸੰਜੀਵਨ ਸ਼ਰਮਾ, ਵਨੀਤ ਭਾਟੀਆ, ਦੀਪਕ ਉਪਲ, ਗੌਰਵ ਭੱਟੀ, ਰਾਜੂ ਅਰੋੜਾ, ਕਵਲਜੀਤ ਸਿੰਘ ਬੌਬੀ, ਕਪਿਲ ਮਹਿਤਾ, ਰਾਜਨ ਟੰਡਨ, ਇੰਦਰਪ੍ਰੀਤ ਸਿੰਘ ਰੂਬਲ, ਮਨੋਜ ਪਾਠਕ, ਪਰਵੀਨ ਸੂਦ, ਰਾਜੂ ਸ਼ਰਮਾ, ਲੱਕੀ ਮੱਕੜ, ਰਿੱਕੀ ਮਲਹੋਤਰਾ, ਵਿੱਕੀ ਬਾਂਸਲ, ਅਮਨ ਮੌਂਗਾ, ਬਲਵਿੰਦਰ ਰੰਧਾਵਾ, ਅੰਕਿਤ ਮਲਹੋਤਰਾ, ਸੰਨੀ ਪਹੂਜਾ ਅਤੇ ਸਨੀ ਸਹਿਗਲ ਅਤੇ ਹੋਰ ਹਾਜ਼ਰ ਸਨ।