Punjab Govt Officially Conducted : ਚੰਡੀਗੜ : ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੂਬਾ ਸਰਕਾਰ ਵੱਲੋਂ ਕੋਰੋਨਾ ਦੇ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤੇ ਜਾਂਦੇ ਹਨ, ਉਥੇ ਹੀ ਸਰਕਾਰ ਵੱਲੋਂ ਪ੍ਰਾਈਵੇਟ ਲੈਬ ਵਿਚ ਕੋਰੋਨਾ ਟੈਸਟ ਕਰਵਾਉਣ ਲਈ ਵਾਜਿਬ ਰੇਟਾਂ ਤੇ ਟੈਸਟ ਦੀ ਸੁਵਿਧਾ ਉਪਲਬੱਧ ਕਰਵਾਉਣ ਲਈ ਰੇਟ ਤੈਅ ਕੀਤੇ ਗਏ ਹਨ, ਜਿਸ ਮੁਤਾਬਕ ਪ੍ਰਾਈਵੇਟ ਲੈਬ ਵੱਲੋਂ ਕੋਵਿਡ-19 ਦੇ ਇੱਕ ਆਰਟੀ-ਪੀਸੀਆਰ ਟੈਸਟ ਲਈ ਵੱਧ ਤੋਂ ਵੱਧ 2400 ਰੁਪਏ ਲਏ ਜਾਣਗੇ। ਇਸ ਵਿੱਚ ਜੀਐਸਟੀ ਤੇ ਘਰ ਤੋਂ ਸੈਂਪਲ ਪ੍ਰਾਪਤ ਕਰਨ ਦੇ ਸਾਰੇ ਰੇਟ ਸ਼ਾਮਿਲ ਹਨ। ਇਸੇ ਤਰਾਂ ਪ੍ਰਾਈਵੇਟ ਲੈਬ ਲਈ ਰੈਪਿਡ ਐਂਟੀਜਨ ਟੈਸਟਿੰਗ (ਆਰਏਟੀ) ਲਈ 1000/- ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਇਸ ਵਿੱਚ ਜੀਐਸਟੀ ਤੇ ਘਰ ਤੋਂ ਸੈਂਪਲ ਪ੍ਰਾਪਤ ਕਰਨ ਦੇ ਸਾਰੇ ਰੇਟ ਸ਼ਾਮਿਲ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਟੈਸਟ ਲਈ ਜਿਨ੍ਹਾਂ ਪ੍ਰਾਈਵੇਟ ਲੈਬਜ਼ ਤੇ ਹਸਪਤਾਲਾਂ ਨੂੰ ਅਧਿਕਾਰਤ ਕੀਤਾ ਗਿਆ ਹੈ, ਉਸ ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ।
ਦੱਸਣਯੋਗ ਹੈ ਕਿ ਸੂਬੇ ਵਿਚ 600 ਸਰਕਾਰੀ (ਸਾਰੇ ਜਿਲਾ ਹਸਪਤਾਲ, ਸਬ ਡਿਵੀਜਨਲ ਹਸਪਤਾਲ ਤੇ ਸਮੂਹਦਾਇਕ ਸਿਹਤ ਕੇਂਦਰ) ਅਤੇ 52 ਆਈਸੀਐਮਆਰ ਵੱਲੋਂ ਮੰਜੂਰ ਪ੍ਰਾਈਵੇਟ ਟੈਸਟਿੰਗ ਸੈਂਟਰ ਦੀ ਲਿਸਟ ਵੈਬਸਾਈਟ ਦੇ ਲਿੰਕ Http://Pbhealth.Gov.In/Contact%20Details%20of%20COVID-19%20Testing%20Centers.Pdf ‘ਤੇ ਉਪਲਬੱਧ ਹੈ। ਹਾਲਾਂਕਿ ਕੁਝ ਪ੍ਰਾਈਵੇਟ ਲੈਬ ਵੱਲੋਂ ਘਰਾਂ ਤੋਂ ਸੈਂਪਲ ਪ੍ਰਾਪਤ ਕੀਤੇ ਜਾ ਰਹੇ ਹਨ।
ਦੱਸ ਦੇਈਏ ਕਿ ਟੈਸਟ ਕਰਵਾਉਣ ਲਈ ਡਾਕਟਰੀ ਦੀ ਪਰਚੀ ਦੀ ਜਰੂਰਤ ਨਹੀਂ ਹੈ ਅਤੇ ਜਿਨਾਂ ਦਾ ਟੈਸਟ ਪੋਜੀਟਿਵ ਆਇਆ ਹੈ, ਉਨਾਂ ਨੂੰ ਹਸਪਤਾਲ ਵਿੱਚ ਦਾਖਿਲ ਹੋਣ ਦੀ ਜਰੂਰਤ ਨਹੀਂ ਅਤੇ ਜੇਕਰ ਉਨਾਂ ਕੋਲ ਪ੍ਰਬੰਧ ਹੈ ਤਾਂ ਉਹ ਘਰਾਂ ਵਿੱਚ ਹੀ ਆਈਸੋਲੇਟ ਹੋ ਸਕਦੇ ਹਨ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਾਮੂਲੀ ਲੱਛਣ ਜਿਵੇਂ ਕਿ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਸਰੀਰ ਦਰਦ, ਥਕਾਵਟ, ਸਵਾਦ ਤੇ ਸੁੰਘਣ ਸ਼ਕਤੀ ਦਾ ਘੱਟਣਾ, ਵਗਦਾ ਨੱਕ ਆਦਿ ਹੋਣ ‘ਤੇ ਜਾਂ ਕੋਵਿਡ-19 ਦੇ ਸ਼ੱਕੀ ਮਰੀਜ ਦੇ ਸੰਪਰਕ ਵਿੱਚ ਆਏ ਹੋ ਤਾਂ ਕੋਵਿਡ-19 ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।