Punjab has completed all : ਜੇਕਰ ਪੰਜਾਬ ਵਿਚ ਪਾਕਿਸਤਾਨ ਤੋਂ ਚੱਲਿਆ ਟਿੱਡੀ ਦਲ ਦਾਖਲ ਹੋ ਗਿਆ ਤਾਂ ਅੱਜ ਦੀ ਰਾਤ ਉਸ ਦਲ ਦੀ ਆਖਰੀ ਰਾਤ ਹੋ ਸਕਦੀ ਹੈ। ਖੇਤੀ ਵਿਭਾਗ ਨੇ ਪੰਜਾਬ ਖੇਤੀ ਯੂਨੀਵਰਿਸਟੀ ਦੇ ਮਾਹਿਰਾਂ ਅਤੇ ਸਰਹੱਦੀ ਜ਼ਿਲਿਆਂ ਦੇ ਕਿਸਾਨਾਂ ਨਾਲ ਮਿਲ ਕੇ ਰਣਨੀਤੀ ਤਿਆਰ ਕਰ ਲਈ ਹੈ ਕਿ ਦੇਰ ਸ਼ਾਮ ਟਿੱਡੀ ਦਲ ਜਿਸ ਇਲਾਕੇ ਵਿਚ ਵੀ ਆਏਗਾ, ਉਸ ਨੂੰ ਅਗਲੇ ਸਵੇਰ ਉਡਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਖੇਤੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਖੇਤੀ ਵਿਭਾਗ ਇਸ ਮਾਮਲੇ ਵਿਚ ਕੇਂਦਰ ਸਰਕਾਰ ਅਤੇ ਟਿੱਡੀ ਦਲ ਸੂਚਨਾ ਸੰਗਠਨ ਨਾਲ ਪੂਰੀ ਤਰ੍ਹਾਂ ਤਾਲਮੇਲ ਬਿਠਾ ਕੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 8 ਵਜੇ ਟਿੱਡੀ ਦਲ ਬਠਿੰਡੇ ਜਿਲ੍ਹੇ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ‘ਤੇ ਹੋਣ ਦੀ ਸੂਚਨਾ ਹੈ। ਇਸ ਦੇ ਮੱਦੇਨਜ਼ਰ ਬਠਿੰਡਾ, ਫਾਜ਼ਿਲਕਾ, ਮੁਕਤਸਰ ਤੇ ਨਾਲ ਲੱਗਦੇ ਜਿਲ੍ਹਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਖੇਤੀ ਵਿਭਾਗ ਦੇ ਅਧਿਕਾਰੀ ਪਿੰਡ-ਪਿੰਡ ਪਹੁੰਚ ਗਏ ਹਨ ਅਤੇ ਕਿਸਾਨਾਂ ਨੂੰ ਟਿੱਡੀ ਦਲ ਨਾਲ ਨਿਪਟਣ ਦੇ ਉਪਾਵਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਕਿਹਾ ਗਿਆ ਹੈਕਿ ਹਵਾ ਵਿਚ ਉਡਦੀਆਂ ਟਿੱਡੀਆਂ ਨੂੰ ਖੇਤਾਂ ਵਿਚ ਬੈਠਣ ਤੋਂ ਰੋਕਣ ਲਈ ਰਵਾਇਤੀ ਤਰੀਕੇ ਅਪਣਾਉਂਦੇ ਹੋਏ ਲਾਊਡ ਸਪੀਕਰ, ਡੀਜੇ ਆਦਿ ਨਾਲ ਸ਼ੋਰ ਕਰੋ ਤਾਂਜੋ ਟਿੱਡੀ ਦਲ ਹਵਾ ਨਾਲ ਅੱਗੇ ਵਧ ਜਾਵੇ। ਮਾਹਿਰਾਂ ਨੇ ਦੱਸਿਆ ਕਿ ਟਿੱਡੀ ਦਲ ਸ਼ਾਮ ਢਲਦਿਆਂ ਹੀ ਹਰਿਆਲੀ ਵਾਲੇ ਕਿਸੇ ਥਾਂ ‘ਤੇ ਉਤਰ ਜਾਂਦਾ ਹੈ ਅਤੇ ਅਗਲੇ ਦਿਨ ਧੁੱਪ ਤੇਜ਼ ਹੋਣ ਤੋਂ ਬਾਅਦ ਹੀ ਉਡਦਾ ਹੈ। ਇਸ ਦੌਰਾਨ ਟਿੱਡੀ ਦਲ ਸਿਰਫ ਅੰਡੇ ਦਿੰਦਾ ਹੈ ਸਗੋਂ ਪੂਰੀ ਹਰਿਆਲੀ, ਸਾਗ ਸਬਜ਼ੀ, ਦਰੱਖਤ ਪੌਦੇ ਖਾ ਜਾਂਦਾ ਹੈ। ਉਨ੍ਹਾਂ ਕਿਹਾ ਇਹ ਉਹੀ ਸਮਾਂ ਹੈ ਜਦੋਂ ਟਿੱਡੀ ਦਲ ਨੂੰ ਉਡਣ ਤੋਂ ਪਹਿਲਾਂ ਮਾਰ ਦੇਣਾ ਹੋਵੇਗਾ। ਖੇਤੀ ਵਿਭਾਗ ਨੇ ਇਸ ਲਈ ਜ਼ਰੂਰੀ ਕੀਟਨਾਸ਼ਕ, ਆਧੁਨਿਕ ਸਪਰੇਅ ਪੰਪ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਿਆਰ ਹਨ।