Punjab Police arrested gangster : ਪੰਜਾਬ ਪੁਲਿਸ ਨੇ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਦਾ ਮ੍ਰਿਤਕ ਪਾਕਿਸਤਾਨ ਆਧਾਰਿਤ ਕੇਐਲਐਫ ਦੇ ਮੁਖੀ ਹਰਮੀਤ ਸਿੰਘ ਹੈਪੀ ਅਤੇ ਜਰਮਨੀ ਆਧਾਰਿਤ ਕੇਜੈਡਐਫ ਬੱਗਾ ਨਾਲ ਕਥਿਤ ਸਬੰਧ ਸਨ। ਇਕ ਹੋਰ ਨਾਮੀ ਗੈਂਗਸਟਰ ਸੁਖਜਿੰਦਰ ਅਤੇ ਬਿੱਲਾ ਗਿਰੋਹ ਦੇ ਪੰਜ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਨਾਲ ਹੀ ਪਾਕਿਸਤਾਨ ਤੋਂ ਸਮੱਗਲ ਕੀਤੇ ਗਏ ਅਤਿ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਦੇ ਨਾਲ-ਨਾਲ ਡਰੋਨਾਂ ਸਮੇਤ ਡਰੱਗ ਮਨੀ ਵੀ ਕਈ ਤਰੀਕਿਆਂ ਰਾਹੀਂ ਵੱਖ-ਵੱਖ ਸਮੇਂ ਸਰਹੱਦ ਤੋਂ ਸਮੱਗਲਿੰਗ ਕੀਤੇ ਗਏ ਸਨ। ਦਿਨਕਰ ਗੁਪਤਾ ਡੀਜੀਪੀ ਪੰਜਾਬ ਅਨੁਸਾਰ ਕੱਲ ਚੰਡੀਗੜ੍ਹ ਤੋਂ ਓ.ਸੀ.ਸੀ.ਯੂ. ਟੀਮ, ਕਾਊਂਟਰ ਇੰਟੈਲੀਜੈਂਸ ਜਲੰਧਰ ਯੂਨਿਟ ਅਤੇ ਕਪੂਰਥਲਾ ਪੁਲਿਸ ਨੇ ਇੱਕ ਸਾਂਝੇ ਅਭਿਆਨ ਤਹਿਤ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ, ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲਾ (ਨਿਵਾਸੀ ਮੰਡਿਆਲਾ, ਗੁਰਦਾਸਪੁਰ), ਸੁਖਜਿੰਦਰ ਸਿੰਘ (ਨਿਵਾਸੀ ਪਿੰਡ ਕਮੋਕੇ ਬਿਆਸ, ਅੰਮ੍ਰਿਤਸਰ) ਤੋਂ ਇਲਾਵਾ ਕਪੂਰਥਲਾ ਦੇ ਮੋਹਿਤ ਸ਼ਰਮਾ, ਲਵਪ੍ਰੀਤ ਸਿੰਘ, ਮੰਗਲ ਸਿੰਘ ਅਤੇ ਮਨਿੰਦਰਜੀਤ ਸਿੰਘ ਉਰਫ਼ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ਼ ਲਵਲੀ (ਨਿਵਾਸੀ ਅਮਰਕੋਟ, ਵਲਟੋਹਾ ਤਰਨ ਤਾਰਨ) ਵਜੋਂ ਕੀਤੀ ਗਈ ਹੈ।
ਸ਼੍ਰੀ ਗੁਪਤਾ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਪਾਕਿਸਤਾਨ ਤੋਂ ਸਮੱਗਲਿੰਗ ਕੀਤੇ ਗਏ ਬਹੁਤ ਹੀ ਅਤਿ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਇਸ ਬਰਾਮਦਗੀ ਵਿਚ ਦੋ 30 ਬੋਰ ਦੀਆਂ ਡਰੱਮ ਮਸ਼ੀਨ ਗੰਨਾਂ, ਤਿੰਨ ਪਿਸਟਲ, ਦੋ ਗਲੋਕ ਪਿਸਟਲ (ਆਸਟਰੀਆ ਵਿਚ ਬਣੇ), ਦੋ 30 ਬੋਰ ਪਿਸਟਲ, ਇਕ 32 ਬੋਰ ਦਾ ਪਿਸਟਲ, ਇਕ 315 ਬੋਰ ਰਾਈਫਲ, 341 ਜ਼ਿੰਦਾ ਕਾਰਤੂਸ, ਦੋ ਡਰੱਮ ਮੈਗਜ਼ੀਨਾਂ, 14 ਪਿਸਟਲ ਮੈਗਜ਼ੀਨਾਂ ਦੇ ਨਾਲ ਤਿੰਨ ਲੱਖ ਅੱਠ ਸੌ ਅਠਾਰਾਂ ਰੁਪਏ ਅਤੇ ਇਕ ਸੌ ਆਸਟ੍ਰੇਲੀਅਨ ਡਾਲਰ ਦੀ ਡਰੱਗ ਮਨੀ ਸ਼ਾਮਲ ਹੈ। ਡੀਜੀਪੀ ਨੇ ਕਿਹਾ ਕਿ ਹੁਣ ਤੱਕ ਮੁੱਢਲੀ ਜਾਂਚ ਕੀਤੀ ਗਈ ਹੈ, ਬਿੱਲਾ ਮੰਡਿਆਲਾ ਤੋਂ ਬਰਾਮਦ ਕੀਤੇ ਗਏ ਜ਼ਿਆਦਾਤਰ ਹਥਿਆਰ ਵੱਖ-ਵੱਖ ਖੇਪਾਂ ਵਿੱਚ ਭਾਰਤ-ਪਾਕਿ ਸਰਹੱਦ ਪਾਰੋਂ ਆਏ ਸਨ। ਪੁਲਿਸ ਨਾਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਵਿਚ ਅੱਤਵਾਦੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ ਕੁਝ ਜਾਅਲੀ ਦਸਤਾਵੇਜ਼ਾਂ ਦੇ ਨਾਲ ਟੋਯੋਟਾ ਫਾਰਚੂਨਰ, ਈਟੀਓਸ ਲਾਵਾ ਅਤੇ ਆਲਟੋ ਕਾਰਾਂ ਨੂੰ ਵੀ ਅਪਰਾਧੀਆਂ ਕੋਲੋਂ ਬਰਾਮਦ ਕੀਤਾ ਗਿਆ। ਪੁਲਿਸ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਐਸ.ਟੀ.ਐਫ. ਪੰਜਾਬ ਵੱਲੋਂ 24 ਸਤੰਬਰ, 2019 ਨੂੰ ਸਰਹੱਦ ਪਾਰ ਤੋਂ ਫਿਰੋਜ਼ਪੁਰ ਸੈਕਟਰ ਦੇ ਮਮਦੋਟ ਖੇਤਰ ਵਿੱਚ ਏ.ਕੇ. -47 ਰਾਈਫਲਾਂ ਵਾਲੀ ਖੇਪ ਦਾ ਇੱਕ ਹਿੱਸਾ ਅਪਰਾਧਿਕ ਗਿਰੋਹ ਬਿੱਲਾ ਮੰਡਿਆਲਾ ਨਾਲ ਵੀ ਸਬੰਧਤ ਸੀ।
ਡੀਜੀਪੀ ਨੇ ਦੱਸਿਆ ਕਿ ਏਆਈਜੀ ਓਸੀਸੀਯੂ ਗੁਰਮੀਤ ਚੌਹਾਨ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਗੈਂਗਸਟਰ ‘ਬਿੱਲਾ ਮੰਡਿਆਲਾ’ ਆਪਣੇ ਸਾਥੀਆਂ ਨਾਲ ਮਿਲ ਕੇ ਕਪੂਰਥਲਾ ਖੇਤਰ ‘ਚ ਨਾਜਾਇਜ਼ ਹਥਿਆਰਾਂ ਦੀ ਵੱਡੀ ਖੇਪ ਨਾਲ ਪਨਾਹ ਲੈ ਰਿਹਾ ਸੀ ਜਿਸ ਦਾ ਵੱਖ-ਵੱਖ ਕਿਸਮਾਂ ਦੇ ਅੱਤਵਾਦੀ ਅਤੇ ਅਪਰਾਧਿਕ ਕੰਮਾਂ ਵਿਚ ਇਸਤੇਮਾਲ ਕੀਤਾ ਜਾਣਾ ਸੀ। ਡੀਐਸਪੀ ਓਸੀਸੀਯੂ ਬਿਕਰਮ ਬਰਾੜ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਜਲੰਧਰ, ਹਰਕਮਲਪ੍ਰੀਤ ਸਿੰਘ ਖੱਖ ਅਤੇ SSP ਕਪੂਰਥਲਾ ਸਤਿੰਦਰ ਸਿੰਘ ਦੇ ਸਹਿਯੋਗ ਨਾਲ ਤੁਰੰਤ ਮਿਸ਼ਨ ਦਾ ਕੰਮ ਸੌਪਿਆ ਗਿਆ। ਪੁਲਿਸ ਟੀਮਾਂ ਨੇ ਸੁਲਤਾਨਪੁਰ ਲੋਧੀ ਥਾਣੇ ਦੇ ਦਾਦਵਿੰਡੀ ਅਤੇ ਮੋਠਾਂਵਾਲਾ ਖੇਤਰ ਦੇ ਆਲੇ ਦੁਆਲੇ ਘੇਰਾਬੰਦੀ ਕੀਤੀ ਅਤੇ ਗ੍ਰਿਫ਼ਤਾਰੀਆਂ ਕੀਤੀਆਂ। ਇਹਨਾਂ ਸਾਰੇ 6 ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਕਪੂਰਥਲਾ ਵਿਖੇ ਆਈਪੀਸੀ ਦੀ ਧਾਰਾ 384, 465,467, 468, 471, 473, 489, ਯੂ.ਏ.ਪੀ.ਏ. ਦੀ ਧਾਰਾ 13, 18 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਕੇਸ ਦਰਜ ਕੀਤਾ ਗਿਆ ਹੈ।