Punjab Police has achieved : ਲੁਧਿਆਣਾ : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਬੀਜ ਘਪਲੇ ਦਾ ਮਾਮਲਾ ਬਹੁਤ ਗਰਮਾਇਆ ਹੋਇਆ ਸੀ। ਇਸ ਘਪਲੇ ਦੀਆਂ ਬ੍ਰਾਂਚਾਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਫੈਲੀਆਂ ਹੋਈਆਂ ਹਨ ਤੇ ਵੱਖ-ਵੱਖ ਆਗੂਆਂ ਵਲੋਂ ਇਸ ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਪੰਜਾਬ ਪੁਲਿਸ ਨੇ ਇਸ ਵਿਚ ਸਫਲਤਾ ਹਾਸਲ ਕਰਦੇ ਹੋਏ ਲੁਧਿਆਣਾ ਵਿਖੇ ਇਕ ਨਿੱਜੀ ਬੀਜ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਪੰਜਾਬ ਵਿਚ ਬੀਜ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਕਿਸਾਨਾਂ ਨੂੰ ਉੱਚੀਆਂ ਕੀਮਤਾਂ ‘ਤੇ ਝੋਨੇ ਦੇ ਨਕਲੀ ਬੀਜ ਵੇਚਦੇ ਹਨ।
ਮਿਲੀ ਜਾਣਕਾਰੀ ਮੁਤਾਬਕ ਇਸ ਨਿੱਜੀ ਬੀਜ ਫਰਮ ਕੋਲ ਵਪਾਰਕ ਮਾਰਕੀਟਿੰਗ ਵਲੋਂ ਕੋਈ ਪ੍ਰਵਾਨਗੀ ਵੀ ਨਹੀਂ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਬਰਾੜ ਬੀਜ ਸਟੋਰ’ ਵਜੋਂ ਇਸ ਬੀਜ ਕੰਪਨੀ ਦੀ ਪਛਾਣ ਹੋਈ ਹੈ ਜਿਸ ਦਾ ਮਾਲਕ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਹੈ ਜਿਸ ਨੂੰ ਲੁਧਿਆਣਾ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਬੀਜ ਸਟੋਰ ਦੇ ਲਾਇਸੈਂਸ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਕੇਸ ਵਿਚ ਹਰਦਿਆਲ ਸਿੰਘ ਦੇ ਪੁੱਤਰ ਕਾਕਾ ਬਰਾੜ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਹੋਰ ਗ੍ਰਿਫਤਾਰੀਆਂ ਦੀ ਉਮੀਦ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ ਅਗਰਵਾਲ ਨੇ ਦੱਸਿਆ ਕਿ ਐੱਸ. ਆਈ. ਟੀ. ਇਸ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਰੈਂਕ ਦੇ ਇਕ ਸੀਨੀਅਰ ਅਧਿਕਾਰੀ ਦੇ ਅਧੀਨ ਬਣਾਈ ਗਈ ਹੈ।
SIT ਟੀਮ ਵਲੋਂ ਮਾਰੇ ਛਾਪਿਆਂ ਵਿਚ ਵੱਖ-ਵੱਖ ਬੀਜ ਸਟੋਰਾਂ ‘ਤੇ ਬੀਜਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਲੈਬਾਰਟਰੀ ਵਿਖੇ ਟੈਸਟ ਲਈ ਭੇਜਿਆ ਗਿਆ ਜਿਨ੍ਹਾਂ ਵਿਚੋਂ ਕਈ ਬੀਜ ਜਾਅਲੀ ਪਾਏ ਗਏ। ਜਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਲੁਧਿਆਣਾ ਵਿਖੇ ਨਕਲੀ ਬੀਜ ਵੇਚਣ ਵਾਲਿਆਂ ਦੁਕਾਨਾਂ ‘ਤੇ ਛਾਪੇ ਮਾਰੇ ਅਤੇ ਉਨ੍ਹਾਂ ਦੀ ਵਿਆਪਕ ਤੌਰ ‘ਤੇ ਚੈਕਿੰਗ ਕੀਤੀ ਗਈ।