Punjab Police sent summons : ਪੰਜਾਬ ਪੁਲਿਸ ਕੁਝ ਵੀ ਕਰ ਸਕਦੀ ਹੈ, ਇਹ ਗੱਲ ਫੇਜ਼-1 ਥਾਣਾ ਪੁਲਿਸ ’ਤੇ ਬਿਲਕੁਲ ਢੁਕਵੀਂ ਬੈਠਦੀ ਹੈ। ਇੱਕ ਬਾਈਕ ’ਤੇ ਲੱਗੀ ਨੰਬਰ ਪਲੇਟ ਦੇ ਆਧਾਰ ’ਤੇ ਪੁਲਿਸ ਮਾਲਿਕ ਤੱਕ ਤਾਂ ਪਹੁੰਚ ਗਈ ਪਰ ਮਾਲਿਕ ਦੀ ਐਕਟਿਵਾ ਉਸ ਦੇ ਘਰ ’ਤੇ ਖੜ੍ਹੀ ਹੈ। ਖਰੜ ਨਿਵਾਸੀ ਮਾਲਿਕ ਕੁਲਵੀਰ ਸਿੰਘ ਥਾਣੇ ਤੋਂ ਆਉਣ ਵਾਲੇ ਫੋਨ ’ਤੇ ਮੁਲਾਜ਼ਮਾਂ ਨੂੰ ਦੱਸ ਰਿਹਾ ਹੈ ਕਿ ਇਹ ਨੰਬਰ ਉਸ ਦੀ ਐਕਟਿਵਾ ਹੈ ਜੋਕਿ ਉਸ ਦੇ ਘਰ ’ਤੇ ਹੀ ਪਾਰਕ ਹੈ। ਪਰ ਫਿਰ ਵੀ ਪੰਜਾਬ ਪੁਲਿਸ ਮੰਨਣ ਨੂੰ ਤਿਆਰ ਨਹੀਂ ਹੈ। ਅਸਲ ਚੋਰ ਨੂੰ ਫੜਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਹੀ ਪ੍ਰੇਸ਼ਾਨ ਕਰ ਰਹੀ ਹੈ। ਇਥੋਂ ਤੱਕ ਉਸ ਦੇ 6 ਸਾਲ ਪਹਿਲਾਂ ਮਰੇ ਹੋਏ ਪਿਤਾ ਦੇ ਨਾਂ ’ਤੇ ਸੰਮਨ ਭੇਜ ਦਿੱਤੇ। ਕਿਉਂਕਿ ਐਕਟਿਵਾ ਉਨ੍ਹਾਂ ਦੇ ਨਾਂ ’ਤੇ ਰਜਿਸਟਰਡ ਹੈ।
ਕੁਲਵੀਰ ਸਿੰਘ ਨੇ ਦੱਸਿਆ ਕਿ ਫੇਜ਼-1 ਥਾਣਾ ਪੁਲਿਸ ਨੇ ਡੇਢ ਸਾਲ ਪਹਿਲਾਂ ਜੋ ਲਾਵਾਰਿਸ ਬਾਈਕ ਬਰਾਮਦ ਕੀਤਾ, ਉਸ ’ਤੇ ਚੋਰਾਂ ਨੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਹੈ। ਹੁਣ ਉਹ ਬਦਕਿਸਮਤੀ ਨਾਲ ਨੰਬਰ ਉਨ੍ਹਾਂ ਦੀ ਐਕਟਿਵਾ ਦਾ ਨਿਕਲ ਗਿਆ। ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੈ? ਉਨ੍ਹਾਂ ਨੇ ਪੁਲਿਸ ਨੂੰ ਐਕਟਿਵਾ ਦੀ ਚੈਸੀ ਅਤੇ ਇੰਜਨ ਨੰਬਰ ਵੀ ਦੱਸਿਆ। ਪਰ ਪੁਲਿਸ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ ਅਤੇ ਮੇਰੇ ਪਿਤਾ ਦੇ ਨਾਮ ’ਤੇ ਸੰਮਨ ਭੇਜੇ ਹਨ, ਜਿਸਦੀ ਮੌਤ 2015 ਵਿੱਚ ਹੋ ਚੁੱਕੀ ਹੈ। ਪੁਲਿਸ ਚੋਰ ਨੂੰ ਫੜਨ ਦੀ ਬਜਾਏ, ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਿੱਚ ਲੱਗੀ ਹੋਈ ਹੈ, ਜਦੋਂ ਕਿ ਪੁਲਿਸ ਚੈਸੀ ਅਤੇ ਇੰਜਨ ਨੰਬਰ ਦੇ ਅਧਾਰ ’ਤੇ ਇਸ ਲਾਵਾਰਿਸ ਬਾਈਕ ਦੇ ਮਾਲਕ ਕੋਲ ਪਹੁੰਚ ਸਕਦੀ ਹੈ। ਇਹ ਚੋਰੀ ਹੋਈ ਬਾਈਕ ਕਿਸੇ ਦੀ ਤਾਂ ਹੋਵੇਗੀ। ਖਰੜ ਦਾ ਕਾਰੋਬਾਰੀ ਕੁਲਵੀਰ ਸਿੰਘ ਇਸ ਗੱਲ ’ਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ‘ਤੇ ਵਰ੍ਹਿਆ ਕਿਉਂਕਿ ਉਨ੍ਹਾਂ ਨੂੰ ਪਿਛਲੇ ਡੇਢ ਮਹੀਨੇ ਤੋਂ ਫੇਜ਼ -1 ਥਾਣੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਥੇ ਹੀ ਪੁਲਿਸ ਦੇ ਇਨਵੈਸਟੀਗੇਸ਼ਨ ਅਧਿਕਾਰੀ ਫੇਜ਼-1 ਦੇ ਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੋਟਰ ਵ੍ਹੀਕਲ ਐਕਟ 207 ਦੇ ਤਹਿਤ ਇੱਕ ਬਾਈਕ ਬਰਾਮਦ ਕੀਤਾ ਹੈ। ਨੰਬਰ ਪਲੇਟ ਦੇ ਅਧਾਰ ‘ਤੇ ਉਸ ਦਾ ਪਤਾ ਖਰੜ ਤੋਂ ਨਿਕਲਿਆ ਸੀ ਅਤੇ ਜਦੋਂ ਉਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਕਿ ਬਾਈਕ ਉਨ੍ਹਾਂ ਦੀ ਨਹੀਂ ਸੀ। ਦੋਵਾਂ ਵਾਹਨਾਂ ਦੇ ਚੈਸੀ ਅਤੇ ਇੰਜਨ ਨੰਬਰ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਕੋਈ ਪ੍ਰੇਸ਼ਾਨ ਕਰਨ ਵਾਲੀ ਗੱਲ ਨਹੀਂ ਹੈ। ਪੁਲਿਸ ਆਪਣਾ ਕੰਮ ਕਰ ਰਹੀ ਹੈ।