Punjab Police Station Officer : ਚੰਡੀਗੜ੍ਹ: ਬਠਿੰਡਾ ਪੁਲਿਸ ਨੇ ਫਿਰੋਜ਼ਪੁਰ ਦੇ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੂੰ ਆਪਣੀ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਗ੍ਰਿਫਤਾਰ ਕਰ ਲਿਆ। ਏਐਸਆਈ ‘ਤੇ ਦੋਸ਼ ਹਨ ਕਿ ਉਹ ਨਸ਼ਾ ਸਮੱਗਲਰਾਂ ਨਾਲ ਜੁੜਿਆ ਹੋਇਆ ਸੀ।
ਮੁਹਾਲੀ ਦੇ ਐਸਐਸਪੀਜ਼ ਨੇ ਇਸ ਸਬੰਧ ਵਿੱਚ ਇੱਕ ਹਲਫੀਆ ਬਿਆਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਮ੍ਹਾ ਕੀਤਾ, ਜਿਸ ਵਿੱਚ ਦੱਸਿਆ ਗਿਆ ਕਿ ਏਐਸਆਈ ਦੇਵੀ ਲਾਲ ਐਫਆਈਆਰ ਨੰ. 55, ਮਿਤੀ 28 ਅਪ੍ਰੈਲ, 2021 ਵਿੱਚ ਲੋੜੀਂਦਾ ਸੀ, ਜੋਕਿ ਮੋਹਾਲੀ ਦੇ ਐਸਟੀਐਫ ਥਾਣੇ ਵਿੱਚ ਨਸ਼ਾ ਤਸਕਰਾਂ ਨਾਲ ਜੁੜੇ ਹੋਣ ਦੇ ਦੋਸ਼ ਵਿੱਚ ਦਰਜ ਕੀਤਾ ਗਿਆ ਸੀ।
ਉਸ ਨੂੰ 30 ਅਪ੍ਰੈਲ ਨੂੰ ਸ਼ਾਮ 6 ਵਜੇ ਬਾਬਾ ਸ਼ੇਰ ਸ਼ਾਹ ਬਾਲੀ ਚੌਕ, ਫਿਰੋਜ਼ਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 1 ਮਈ ਨੂੰ ਬਠਿੰਡਾ ਵਿੱਚ ਇਲਕਾ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਦੋ ਦਿਨਾਂ ਲਈ ਪੁਲਿਸ ਰਿਮਾਂਡ ਵਿੱਚ ਭੇਜਿਆ ਗਿਆ ਸੀ। ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ” ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਗ੍ਰਿਫਤਾਰ ਕੀਤਾ ਗਿਆ ਥਾਣੇਦਾਰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ਅਤੇ ਹੁਣ ਉਸਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਕੋਵਿਡ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਦਕਿ ਥਾਣੇਦਾਰ ਦੇ ਪੁੱਤਰ ਵੱਲੋਂ ਹਾਈਕੋਰਟ ਵਿੱਚ ਇੱਕ ਈ-ਮੇਲ ਵਿੱਚ ਕਿਹਾ ਸੀ ਕਿ ਮੇਰੇ ਪਿਤਾ ਦੇਵੀ ਲਾਲ ਏਐਸਆਈ ਨੂੰ ਅੱਜ ਸ਼ਾਮ 5 ਵਜੇ ਡੀਆਈਜੀ ਦੇ ਬਾਹਰਲੇ ਦਫਤਰ ਤੋਂ ਜਬਰੀ ਲਿਜਾਇਆ ਗਿਆ। ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ਕਿਉਂਕਿ ਉਹ ਕੱਲ੍ਹ ਰਿਟਾਇਰ ਹੋਣ ਜਾ ਰਹੇ ਹਨ। ਇਸ ਦਾ ਖੁਦਮੁਖਤਿਆਰੀ ਨੋਟਿਸ ਲੈਂਦੇ ਹੋਏ ਹਾਈਕੋਰਟ ਨੇ ਸੂਬਾ ਪੁਲਿਸ ਨੂੰ ਇਸ ਬਾਰੇ ਸਪੱਸ਼ਟ ਕਰਨ ਲਈ ਕਿਹਾ, ਜਿਸ ਤੋਂ ਬਾਅਦ ਹਾਈਕੋਰਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।