Punjab Roadways running : ਲੌਕਡਾਊਨ ਕਰਕੇ ਲਗਭਗ ਡੇਢ ਮਹੀਨੇ ਤੋਂ ਬੱਸਾਂ ਤੇ ਰੇਲਗੱਡੀਆਂ ਸਾਰਾ ਕੁਝ ਬੰਦ ਸੀ ਤੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਵਲੋਂ ਕੁਝ ਰੂਟ ਦੀਆਂ ਬੱਸਾਂ ਨੂੰ ਚਲਾਉਣ ਦੀ ਇਜਾਜ਼ਤ ਮਿਲੀ ਹੈ ਪਰ ਹੁਣ ਕੋਰੋਨਾ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਵਿਚ ਇਸ ਵਾਇਰਸ ਨੂੰ ਲੈ ਕੇ ਇੰਨੀ ਦਹਿਸ਼ਤ ਹੈ ਕਿ ਕੋਈ ਵੀ ਬੱਸਾਂ ਰਾਹੀਂ ਸਫਰ ਨਹੀਂ ਕਰਨਾ ਚਾਹੁੰਦਾ। ਇਕ ਦਿਨ ਵਿਚ ਸਿਰਫ 3000 ਲੋਕ ਹੀ ਇਕ ਸ਼ਹਿਰ ਤੋਂ ਦੂਜੇ ਸ਼ਹਿਰਾਂ ਨੂੰ ਜਾ ਰਹੇ ਹਨ ਜਿਸ ਕਾਰਨ ਬੱਸ ਮਾਲਕਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਫਤਾ ਕੁ ਪਹਿਲਾਂ ਹੀ ਸੂਬੇ ਵਿਚ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਸੂਬੇਵਿਚ ਸਰਕਾਰੀ ਬੱਸਾਂ ਦਾ ਅਜਿਹਾ ਬੁਰਾ ਹਾਲ ਹੈ ਕਿ ਉਨ੍ਹਾਂ ਲਈ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣਾ ਵੀ ਔਖਾ ਹੋਇਆ ਪਿਆ ਹੈ ਕਿਉਂਕਿ ਬੱਸਾਂ ਵਿਚ ਬਹੁਤ ਘੱਟ ਹੀ ਲੋਕ ਸਫਰ ਕਰ ਰਹੇ ਹਨ ਤੇ ਨਿੱਜੀ ਬੱਸ ਮਾਲਕਾਂ ਬੱਸਾਂ ਨੂੰ ਚਲਾਉਣ ਦੀ ਬਜਾਏ ਇਨ੍ਹਾਂ ਨੂੰ ਗੋਦਾਮਾਂ ਵਿਚ ਰੱਖਣਾ ਬੇਹਤਰ ਸਮਝ ਰਹੇ ਹਨ। ਫਿਲਹਾਲ ਪੰਜਾਬ ਵਿਚ 45 ਰੂਟਾਂ ‘ਤੇ 132 ਬੱਸਾਂ ਚੱਲ ਰਹੀਆਂ ਹਨ। ਬੱਸ ਮਾਲਕਾਂ ਨੂੰ ਕੋਵਿਡ-19 ਦੇ ਨਿਯਮਾਂ ਦੀ ਸਖਤਾਈ ਨਾਲ ਪਾਲਣਾ ਕਰਨ ਦੇ ਨਿਰਦੇਸ ਦਿੱਤੇਗਏ ਹਨ। ਉਨ੍ਹਾਂ ਨੂੰ ਨਿਰਦੇਸ਼ ਹਨ ਕਿ ਉਹ ਸਿਰਫ 50 ਫੀਸਦੀ ਯਾਤਰੀ ਹੀ ਬੱਸਾਂ ਵਿਚ ਲੈ ਕੇ ਜਾ ਸਕਦੇ ਹਨ।
ਬੱਸ ਕੰਡਕਟਰਾਂ ਵਲੋਂ ਬੱਸ ਅੱਡੇ ਦੇ ਬਾਹਰ ਟਿਕਟਾਂ ਕੱਟੀਆਂ ਜਾਂਦੀਆਂ ਹਨ। ਕੰਡਕਟਰਾਂ ਤੇ ਡਰਾਈਵਰਾਂ ਲਈ ਵੱਖ ਤੋਂ ਕੈਬਿਨ ਬਣਾਏ ਗਏ ਹਨ ਅਤੇ ਹਰੇਕ ਬੱਸ ਵਿਚ ਸੈਨੇਟਾਈਜਰ ਸਟੈਂਡ ਵੀ ਲਗਾਇਆ ਗਿਆ ਹੈ। ਕਿਸੇ ਵੀ ਯਾਤਰੀ ਨੂੰ ਮਾਸਕ ਤੋਂ ਬਿਨਾਂ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਭੁਪਿੰਦਰ ਸਿੰਘ ਦਾ ਕਹਿਣਾ ਕੋਰੋਨਾ ਵਾਇਰਸ ਤੋਂ ਪਹਿਲਾਂ ਰੋਜ਼ਾਨਾ ਰੋਡਵੇਜ਼ ਦੀਆਂ ਬੱਸਾਂ ਤੋਂ 1.30 ਕਰੋੜ ਰੁਪਏ ਦੀ ਕਮਾਈ ਹੁੰਦੀ ਸੀ ਜਿਹੜੀ ਹੁਣ 10 ਕਰੋੜ ਦੇ ਘਾਟੇ ਵਿਚ ਹੈ। ਸੂਬਾ ਸਰਕਾਰ ਵਲੋਂ ਏ. ਸੀ. ਬੱਸਾਂ ਨੂੰ ਚਲਾਉਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ ਪਰ ਅਜੇ ਤਕ ਨਾ ਤਾਂ ਸਰਕਾਰੀ ਤੇ ਨਾ ਹੀ ਪ੍ਰਾਈਵੇਟ ਏ. ਸੀ. ਬੱਸਾਂ ਚੱਲ ਰਹੀਆਂ ਹਨ।