Railways operates special train: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਲਾਕ ਡਾਊਨ ਲਾਗੂ ਕੀਤਾ ਗਿਆ ਹੈ । ਜਿਸ ਕਾਰਨ ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਦੂਰ ਹੋਰ ਜਗ੍ਹਾ ਫਸ ਗਏ ਹਨ । ਜਿਸ ਕਾਰਨ ਰੇਲਵੇ ਵੱਲੋਂ ਹੁਣ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵਿੱਚ ਫਸੇ ਲੋਕਾਂ ਨੂੰ ਵਾਪਿਸ ਲਿਆਉਣ ਲਈ ਘਰਵਾਪਸੀ ਐਕਸਪ੍ਰੈਸ ਚਲਾਈ ਗਈ ਹੈ । ਰਾਜਾਂ ਦੀ ਬੇਨਤੀ ‘ਤੇ ਰੇਲਵੇ ਨੇ 6 ਵਿਸ਼ੇਸ਼ ਟ੍ਰੇਨਾਂ ਚਲਾ ਕੇ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੂੰ ਘਰ ਭੇਜਿਆ ਹੈ । ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਲੋਕਾਂ ਲਈ ਰਸਤਾ ਵੀ ਖੁੱਲ੍ਹ ਜਾਵੇਗਾ ਜੋ ਘਰ ਪਰਤਣਾ ਚਾਹੁੰਦੇ ਹਨ ।
ਦੱਸ ਦੇਈਏ ਕਿ 40 ਦਿਨਾਂ ਬਾਅਦ ਰੇਲਵੇ ਦੀ ਪਹਿਲੀ ਯਾਤਰੀ ਟ੍ਰੇਨ ਆਪਣੇ ਸਟੇਸ਼ਨ ‘ਤੇ ਪਹੁੰਚੀ । ਰੇਲਵੇ ਦੀ ਇਹ ਵਿਸ਼ੇਸ਼ ਟ੍ਰੇਨ 1200 ਮਜ਼ਦੂਰਾਂ ਨੂੰ ਲੈ ਕੇ ਰਾਂਚੀ ਦੇ ਹਾਟੀਆ ਰੇਲਵੇ ਸਟੇਸ਼ਨ ਪਹੁੰਚੀ । ਇਸ ਤੋਂ ਬਾਅਦ ਮਜ਼ਦੂਰਾਂ ਦਾ ਸਿਲਸਿਲਾ ਇੱਕ-ਇੱਕ ਕਰਕੇ ਸ਼ੁਰੂ ਹੋ ਗਿਆ । ਤਿਆਰੀਆਂ ਅਨੁਸਾਰ ਇੱਕ-ਇੱਕ ਬੋਗੀ ਨੂੰ ਖੋਲ੍ਹਿਆ ਗਿਆ ਅਤੇ ਉਸ ਵਿਚੋਂ ਮਜ਼ਦੂਰ ਸੋਸ਼ਲ ਡਿਸਟੇਨਸਿੰਗ ਦਾ ਪਾਲਣ ਕਰਦੇ ਹੋਏ ਬਾਹਰ ਆਏ । ਜਿਸ ਤੋਂ ਬਾਅਦ ਮਜ਼ਦੂਰਾਂ ਨੂੰ ਬੱਸਾਂ ਵਿੱਚ ਭੇਜਿਆ ਗਿਆ । ਹੁਣ ਸਾਰੇ ਮਜ਼ਦੂਰਾਂ ਦੀ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਜਾਂਚ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਸਾਰਿਆਂ ਨੂੰ 14 ਦਿਨਾਂ ਤੱਕ ਹੋਮ ਕੁਆਰੰਟੀਨ ਵਿੱਚ ਰਹਿਣਾ ਪਵੇਗਾ । ਇਹ ਉਹ ਮਜ਼ਦੂਰ ਹਨ ਜੋ ਤੇਲੰਗਾਨਾ ਦੇ ਲਿੰਗਮਪੱਲੀ ਸਟੇਸ਼ਨ ਤੋਂ ਟ੍ਰੇਨ ਰਾਹੀਂ ਰਾਂਚੀ ਲਿਆਉਂਦੇ ਗਏ । ਸਟੇਸ਼ਨ ‘ਤੇ ਹੀ ਲੰਬੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਅੱਜ ਘਰ ਪਰਤਣ ਦਾ ਮੌਕਾ ਮਿਲਿਆ ਹੈ ।
ਦਰਅਸਲ, ਤੇਲੰਗਾਨਾ ਸਰਕਾਰ ਦੀ ਅਪੀਲ ‘ਤੇ ਕੇਂਦਰ ਸਰਕਾਰ ਨੇ ਟ੍ਰਾਇਲ ਦੇ ਤੌਰ ‘ਤੇ ਇਸ ਵਿਸ਼ੇਸ਼ ਟ੍ਰੇਨ ਨੂੰ ਚਲਾਇਆ ਹੈ । ਇਹ ਟ੍ਰੇਨ ਕੱਲ੍ਹ ਸਵੇਰੇ 5 ਵਜੇ ਤੇਲੰਗਾਨਾ ਤੋਂ ਰਵਾਨਾ ਹੋਈ ਸੀ । ਖਾਸ ਗੱਲ ਇਹ ਹੈ ਕਿ ਇਨ੍ਹਾਂ ਟ੍ਰੇਨਾਂ ਵਿੱਚ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ । ਟ੍ਰੇਨ ਦੀ ਇੱਕ ਬੋਗੀ ਵਿੱਚ 72 ਦੀ ਥਾਂ ਸਿਰਫ 56 ਲੋਕਾਂ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ ।
ਜ਼ਿਕਰਯੋਗ ਹੈ ਕਿ ਰੇਲਵੇ ਵੱਲੋਂ ਗਾਈਡਲਾਈਨ ਅਨੁਸਾਰ ਜਿਹੜੀਆਂ 6 ਟ੍ਰੇਨਾਂ ਚਲਾਈਆਂ ਗਈਆਂ ਹਨ, ਉਨ੍ਹਾਂ ਵਿੱਚ ਤੇਲੰਗਾਨਾ ਤੋਂ ਝਾਰਖੰਡ ਵਿਚਕਾਰ ਟ੍ਰੇਨ, ਨਾਸਿਕ ਤੋਂ ਲਖਨਊ, ਨਾਸਿਕ ਤੋਂ ਭੋਪਾਲ, ਜੈਪੁਰ ਤੋਂ ਪਟਨਾ, ਕੋਟਾ ਤੋਂ ਰਾਂਚੀ ਅਤੇ ਕੇਰਲ ਦੇ ਅਲੂਵਾ ਤੋਂ ਭੁਵਨੇਸ਼ਵਰ ਤੱਕ ਚਲਾਈਆਂ ਟ੍ਰੇਨਾਂ ਸ਼ਾਮਿਲ ਹਨ ।