Road wedding ceremonies : ਲੌਕਡਾਊਨ ਕਾਰਨ ਬਹੁਤ ਸਾਰੇ ਵਿਆਹ ਸਮਾਗਮ ਰੱਦ ਕਰ ਦਿੱਤੇ ਗਏ ਜਾਂ ਅੱਗੇ ਪਾ ਦਿੱਤੇ ਗਏ। ਹੁਣ ਲੌਕਡਾਊਨ ਦੌਰਾਨ ਕੁਝ ਅਜੀਬ ਹੀ ਮਾਮਲੇ ਦੇਖਣ ਨੂੰ ਆ ਰਹੇ ਹਨ। ਪੰਜਾਬ ਤੇ ਜੰਮੂ-ਕਸ਼ਮੀਰ ਸਰਹੱਦ ’ਤੇ ਬੁੱਧਵਾਰ ਦੇਰ ਸ਼ਾਮ 5 ਦੁਲਹਿਆਂ ਨੂੰ ਪੂਰਾ ਦਿਨ ਲਖਨਪੁਰ ਨਾਕੇ ਨੇੜੇ ਸੜਕ ’ਤੇ ਗੁਜਾਰਨਾ ਪਿਆ। ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲੀ। ਹਾਲਾਂਕਿ ਦੇਰ ਸ਼ਾਮ ਸੜਕ ’ਤੇ ਹੀ ਵਿਆਹ ਦੀਆਂ ਰਸਮਾਂ ਅਦਾ ਕਰਕੇ ਦੁਲਹਾ ਵਹੁਟੀਆਂ ਨੂੰ ਆਪਣੇ ਘਰ ਲੈ ਗਏ।
ਬੁੱਧਵਾਰ ਨੂੰ ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ, ਫਗਵਾੜਾ, ਤਰਨਤਾਰਨ ਤੇ ਹਰਿਆਣਾ ਤੋਂ ਫੁੱਲਾਂ ਨਾਲ ਸੱਜੀਆਂ ਹੋਈਆਂ ਕਾਰਾਂ ਤੇ ਬਾਰਾਤੀ ਜੰਮੂ-ਕਸ਼ਮੀਰ ਦੀ ਸਰਹੱਦ ’ਤੇ ਪੁੱਜੇ। ਉਨ੍ਹਾਂ ਨੇ ਅਧਿਕਾਰੀਆਂ ਦੀਆਂ ਕਾਫੀ ਮਿੰਨਤਾਂ ਕੀਤੀਆਂ ਤੇ ਅੱਗੇ ਜਾਣ ਦੀ ਇਜਾਜ਼ਤ ਦੇਣ ਕਿਹਾ ਪਰ ਉਨ੍ਹਾਂ ਨੇ ਅੱਗੇ ਨਹੀਂ ਜਾਣ ਦਿੱਤਾ। ਇਸ ਲਈ ਕਿਸੇ ਨੇ ਉਨ੍ਹਾ ਨੂੰ ਇਥੇ ਹੀ ਦੁਲਹਨਾਂ ਨੂੰ ਬੁਲਾ ਕੇ ਰਸਮਾਂ ਪੂਰਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਲਖਨਪੁਰ ਵਿਚ ਸੜਕ ਕਿਨਾਰੇ ਦੇਰ ਰਾਤ 5 ਲਾੜਿਆਂ ਨੇ ਵਹੁਟੀਆਂ ਨੂੰ ਵਰਮਾਲਾ ਪਹਿਨਾਈ ਤੇ ਆਪਣੇ ਘਰ ਲੈ ਆਏ।
ਫਗਵਾੜਾ ਦੇ ਰੋਹਿਤ ਦੀ ਜੰਮੂ ਦੀ ਜੋਤੀ ਨਾਲ ਬੁੱਧਵਾਰ ਨੂੰ ਵਿਆਹ ਤੈਅ ਸੀ। ਰੋਹਿਤ ਦੇ ਪਿਤਾ ਰਣਜੀਤ ਸਿੰਘ ਮੁਤਾਬਕ ਉਨ੍ਹਾਂ ਕੋਲ ਗ੍ਰਹਿ ਜਿਲਾ ਅਧਿਕਾਰੀ ਦੀ ਇਜਾਜ਼ਤ ਸੀ ਪਰ ਇਸ ਦੇ ਬਾਵਜੂਦ ਜੰਮੂ-ਕਸ਼ਮੀਰ ਨੇ ਉਨ੍ਹਾਂ ਨੂੰ ਜੰਮੂ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਰੋਹਿਤ ਤੇ ਜੋਤੀ ਦਾ ਵਿਆਹ ਅਪ੍ਰੈਲ ਵਿਚ ਤੈਅ ਹੋਇਆ ਸੀ ਪਰ ਲੌਕਡਾਊਨ ਕਾਰਨ ਰੱਦ ਕਰਕੇ ਫਿਰ ਮਈ ਵਿਚ ਤਰੀਖ ਕੱਢੀ ਗਈ ਤੇ ਸਾਦੇ ਤਰੀਕੇ ਨਾਲ ਵਿਆਹ ਕਰਨ ਦਾ ਪਲਾਨ ਬਣਾਇਆ ਗਿਆ। ਇਸੇ ਤਰ੍ਹਾਂ ਪਾਨੀਪਤ ਤੋਂ ਜੰਮੂ ਵਿਆਹ ਕਰਨ ਜਾ ਰਹੇ ਗੌਰਵ ਦਾ ਰਿਸ਼ਤਾ ਭਾਰਤੀ ਨਾਲ ਹੋਇਆ ਸੀ। ਅੰਮ੍ਰਿਤਸਰ ਤੋਂ ਆਏ ਰਿਸ਼ਭ ਨੇ ਦੱਸਿਆ ਉਨ੍ਹਾਂ ਨੇ ਵੀ ਜੰਮੂ ਦੇ ਪ੍ਰੀਤਨਗਰ ਜਾਣਾ ਸੀ ਪਰ ਉਨ੍ਹਾਂ ਨੂੰ ਲਖਨਪੁਰ ਤੋਂ ਅੱਗੇ ਜਾਣ ਨਹੀਂ ਦਿੱਤਾ ਗਿਆ ਜਿਸ ਕਰਕੇ ਦੁਲਹਨ ਨੂੰ ਮੌਕੇ ’ਤੇ ਬੁਲਾ ਕੇ ਵਿਆਹ ਕਰਵਾਉਣਾ ਪਿਆ।