ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਕਪੂਰਥਲਾ ਦੇ ਐਸ.ਡੀ.ਓ. ਅਗਮਜੋਤ ਸਿੰਘ ਤੇ ਹੈਲਪਰ ਮਨਜੀਤ ਸਿੰਘ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਸਿਵਲ ਠੇਕੇਦਾਰ ਜਤਿੰਦਰ ਸਿੰਘ, ਵਾਸੀ ਸੂਲਰ ਰੋਡ, ਪਟਿਆਲਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਤੋਂ ਬਾਅਦ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਉਸਾਰੀ ਫਰਮ ਮੈਸਰਜ਼ ਗੁਰਾਇਆ ਕੰਟਰੈਕਟਰਜ਼, ਪਟਿਆਲਾ ਨੂੰ ਪੀ.ਟੀ.ਯੂ. ਕਪੂਰਥਲਾ ਵਿਖੇ ਦੋ ਕੰਮ ਅਲਾਟ ਹੋਏ ਸਨ ਅਤੇ ਉਕਤ ਮੁਲਜ਼ਮ ਅਧਿਕਾਰੀ ਨੇ ਉਸਦੀ ਫਰਮ ਨੂੰ ਇੱਕ ਕੰਮ ਵਿੱਚ ਦੇਰੀ ਕਰਨ ਲਈ 2,49,824 ਰੁਪਏ ਦਾ ਜੁਰਮਾਨਾ ਕੀਤਾ ਸੀ।
ਸ਼ਿਕਾਇਤਕਰਤਾ ਨੇ ਜਾਅਲੀ ਰਸੀਦ ਤਿਆਰ ਕਰਕੇ ਕੱਟੇ ਹੋਏ ਜੁਰਮਾਨੇ ਦੀ ਰਕਮ ਵਿੱਚੋਂ 1,59,951 ਰੁਪਏ ਕਢਵਾ ਲਏ ਅਤੇ ਦੋਸ਼ੀ ਐਸ.ਡੀ.ਓ. ਅਤੇ ਉਸਦੇ ਫਿਟਰ ਹੈਲਪਰ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਰਿਸ਼ਵਤ ਵਜੋਂ 7 ਲੱਖ ਰੁਪਏ ਨਾ ਦਿੱਤੇ ਤਾਂ ਇਸ ਕਾਰਵਾਈ ਲਈ ਉਸ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਗਾਹਕਾਂ ਲਈ ਚੰਗੀ ਖਬਰ! 39.50 ਰੁਪਏ ਸਸਤਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ
ਸੌਦਾ ਇੱਕ ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਉਸ ਨੇ ਅੱਗੇ ਦੱਸਿਆ ਕਿ ਜਦੋਂ ਉਕਤ ਮੁਲਜ਼ਮਾਂ ਨੇ ਉਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਦੀ ਧਮਕੀ ਦਿੱਤੀ ਤਾਂ ਉਸ ਨੇ ਜੁਰਮਾਨੇ ਦੀ ਉਕਤ ਰਕਮ 1,59,951 ਰੁਪਏ ਵਿਭਾਗ ਕੋਲ ਜਮ੍ਹਾ ਕਰਵਾ ਦਿੱਤੀ। ਸ਼ਿਕਾਇਤਕਰਤਾ ਠੇਕੇਦਾਰ ਨੇ ਉਕਤ ਮੁਲਜ਼ਮਾਂ ਨਾਲ ਇਸ ਦੌਰਾਨ ਰਿਸ਼ਵਤ ਦੀ ਰਕਮ ਮੰਗਣ ਸਬੰਧੀ ਹੋਈ ਗੱਲਬਾਤ ਰਿਕਾਰਡ ਕਰ ਲਈ। ਵਿਜੀਲੈਂਸ ਵੱਲੋਂ ਜਲੰਧਰ ਰੇਂਜ ਨੇ ਇਸ ਆਨਲਾਈਨ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਉਕਤ ਐਸ.ਡੀ.ਓ. ਅਤੇ ਫਿਟਰ ਹੈਲਪਰ ਨੂੰ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਮੰਗ ਕਰਨ ‘ਤੇ ਦੋਸ਼ੀ ਪਾਏ ਜਾਣ ਉਪਰੰਤ ਗ੍ਰਿਫ਼ਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ : –