Seed scam: Biba Harsimrat : ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਬੀਜ ਘਪਲੇ ਬਾਰੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਇਸ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਲਈ ਕੇਂਦਰੀ ਟੀਮ ਪੰਜਾਬ ਵਿਚ ਭੇਜੀ ਜਾਵੇ। ਉਨ੍ਹਾਂ ਕੇਂਦਰੀ ਮੰਤਰੀ ਨੂੰ ਕਿਹਾ ਕਿ ਕਿਸਾਨਾਂ ਨੂੰ ਬਚਾਉਣ ਲਈ ਉਹ ਢੁਕਵੀਂ ਕਾਰਵਾਈ ਦੀ ਸਿਫਾਰਸ਼ ਕਰਨ ਜਿਨ੍ਹਾਂ ਨੂੰ ਝੋਨੇ ਦੇ ਨਕਲੀ ਬਰੀਡਰ ਬੀਜ ਅਸਲੀ ਕੀਮਤ ਨਾਲੋਂ ਤਿੰਨ ਗੁਣਾ ਵਧ ਕੀਮਤ ‘ਤੇ ਵੇਚ ਕੇ ਉਨ੍ਹਾਂ ਨਾਲ ਨਾਇਨਸਾਫੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ 70 ਰੁਪਏ ਕਿਲੋ ਵਿਕਣ ਵਾਲਾ ਬੀਜ ਕਿਸਾਨਾਂ ਨੂੰ 200 ਰੁਪਏ ਕਿਲੋ ਵੇਚਿਆ ਗਿਆ। ਉਨ੍ਹਾਂ ਕਿਹਾ ਕਿ ਜਿਵੇਂ ਸੂਬੇ ਵਿਚ ਬੀਜ ਘਪਲੇ ਦਾ ਪਰਦਾਫਾਸ਼ ਹੋਇਆ ਹੈ, ਇਸੇ ਤਰ੍ਹਾਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵੀ ਇਹ ਧੰਦਾ ਫੈਲਿਆ ਹੋ ਸਕਦਾ ਹੈ, ਜਿਸ ਦੀ ਨਿਰਪੱਖ ਜਾਂਚ ਹੋਣੀ ਜ਼ਰੂਰੀ ਹੈ ਤਾਂ ਜੋ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਤੇ ਕਿਸਾਨੀ ਨੂੰ ਹੋਣ ਵਾਲੇ ਨੁਕਸਾਨ ਨੂੰ ਜਲਦ ਤੋਂ ਜਲਦ ਪੂਰਿਆ ਜਾ ਸਕੇ।
ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵੱਡੇ-ਵੱਡੇ ਨੇਤਾਵਾਂ ਦੀ ਇਸ ਵਿਚ ਸ਼ਮੂਲੀਅਤ ਹੋਣ ਕਾਰਨ ਇਸ ਘਪਲੇ ਦੀ ਨਿਰਪੱਖ ਜਾਂਚ ਨਹੀਂ ਹੋ ਰਹੀ ਹੈ ਤੇ ਨਾ ਹੀ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਕ ਬਹੁਤ ਵੱਡਾ ਬੀਜ ਘਪਲਾ ਬੇਨਕਾਬ ਹੋਇਆ ਹੈ ਜਿਹੜਾ ਗੁਆਂਢੀ ਰਾਜਾਂ ਦੇ ਕਿਸਾਨਾਂ ਦੀ ਰੋਜ਼ੀ ਰੋਟੀ ਨੂੰ ਸੱਟ ਮਰਾਨ ਤੋਂ ਇਲਾਵਾ ਪੂਰੇ ਭਾਰਤ ਅੰਦਰ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਨੇ ਦੇਸ਼ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਵਕਾਲਤ ਕੀਤੀ ਤੇ ਉਨ੍ਹਾਂ ਕਿਹਾਂ ਕਿ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਹ ਕਿਸਾਨ ਕੋਵਿਡ-19 ਦੀ ਮੁਸ਼ਕਿਲ ਦੀ ਘੜੀ ਵਿਚ ਵੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਲੱਗੇ ਹੋਏ ਹਨ। ਇਕ ਤਾਂ ਲੌਕਡਾਊਨ ਕਾਰਨ ਉਹ ਪਹਿਲਾਂ ਹੀ ਆਰਥਿਕ ਸੰਕਟ ਤੋਂ ਲੰਘ ਰਹੇ ਹਨ ਤੇ ਦੂਜੇ ਪਾਸੇ ਇਸ ਬੀਜ ਘਪਲੇ ਨਾਲ ਉਨ੍ਹਾਂ ਨੂੰ ਹੋਰ ਵੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।