SHO and ASI suspended : ਫਤਿਹਗੜ੍ਹ ਸਾਹਿਬ ਤੋਂ ਇੱਕ ਇੰਸਪੈਕਟਰ ਅਤੇ ਇੱਕ ਸਹਾਇਕ ਥਾਣੇਦਾਰ ਨੂੰ ਸਸਪੈਂਡ ਕਰਨ ਦੀ ਖਬਰ ਸਾਹਮਣੇ ਆਈ ਹੈ। ਦੋਹਾਂ ’ਤੇ ਲਗਭਗ 8 ਲੱਖ ਰੁਪਏ ਦੀ ਨਕਦੀ ‘ਗਾਇਬ’ ਕਰਨ ਦਾ ਦੋਸ਼ ਲੱਗਾ ਹੈ, ਜੋਕਿ ਉਨ੍ਹਾਂ ਨੂੰ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਕਮਰੇ ਵਿੱਚੋਂ ਮਿਲੀ ਸੀ। ਇਸ ਦਾ ਫਤਿਹਗੜ੍ਹ ਸਾਹਿਬ ਦੀ ਐਸਐਸਪੀ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਦੋਵਾਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ। ਇਸ ਦੇ ਨਾਲ ਹੀ ਦੋਹਾਂ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦੇ ਹੁਕਮ ਦਿੱਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਖ਼ਮਾਣੋ ਦੇ ਮਸ਼ਹੂਰ ਸਾਂਝਾ ਚੁਲ੍ਹਾ ਚਿਕਨ ਕਾਰਨਰ ਦੇ ਮਾਲਕ ਗੁਰਦਿਆਲ ਸਿੰਘ ਦੀ ਮੌਤ ਹੋਈ ਸੀ। ਇਸ ਦੌਰਾਨ ਖਮਾਣੋਂ ਦੇ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਦੋਵੇਂ ਕਾਰਵਾਈ ਵਜੋਂ ਉਥੇ ਗਏ ਸਨ, ਜਿਥੇ ਉਨ੍ਹਾਂ ਨੂੰ ਮ੍ਰਿਤਕ ਦੇ ਕਮਰੇ ਵਿੱਚੋਂ ਲੱਗਭਗ 8 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਪੁਲਿਸ ਕਾਰਵਾਈ ਦੌਰਾਨ ਇਸ ਰਕਮ ਦਾ ਮੁਲਾਜ਼ਮਾਂ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸ ‘ਤੇ ਉਨ੍ਹਾਂ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਇਹ ਰਕਮ ਖੁਰਦ-ਬੁਰਦ ਕਰ ਦਿੱਤੀ ਹੈ। ਮਾਮਲਾ ਐਸਐਸਪੀ ਅਮਨੀਤ ਕੌਂਡਲ ਦੇ ਨੋਟਿਸ ਵਿੱਚ ਜਦੋਂ ਆਇਆ ਤਾਂ ਇਸ ਬਾਰੇ ਪੜਤਾਲ ਕਰਵਾਈ ਗਈ, ਜਿਸ ਵਿੱਚ SHO ਤੇ ASI ਦੀ ਸ਼ਮੂਲੀਅਤ ਪਾਈ ਗਈ ਅਤੇ ਦੋਵਾਂ ਨੂੰ ਦੋਸ਼ੀ ਪਾਇਆ ਗਿਆ, ਜਿਸ ਦੇ ਚੱਲਦਿਆਂ ਐਸਐਸਪੀ ਨੇ ਦੋਵਾਂ ਮੁਲਾਜ਼ਮਾਂ ਨੂੰ ਬੀਤੇ ਦਿਨ ਇੱਕ ਜਨਵਰੀ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਹੋਣ ਦੇ ਹੁਕਮ ਦੇ ਦਿੱਤੇ।