ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਉਨ੍ਹਾਂ ਦੇ ਮਨਾਂ ਵਿਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ ਤੇ ਉਹ ਸ਼ਰੇਆਮ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਵਾਰਦਾਤ ਮੋਹਾਲੀ ਵਿਚ ਵਾਪਰੀ ਜਿਥੇ 3 ਬਾਈਕ ਸਵਾਰਾਂ ਨੇ ਪੈਟਰੋਲ ਪੰਪ ਦੇ ਮੈਨੇਜਰ ਤੋਂ ਲੱਖਾਂ ਰੁਪਏ ਖੋਹ ਲਏ ਤੇ ਇੰਨਾ ਹੀ ਨਹੀਂ ਜਾਂਦੇ-ਜਾਂਦੇ ਉਸ ਦੀ ਸਕੂਟੀ ਵੀ ਖੋਹ ਕੇ ਲੈ ਗਏ।
ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੀੜਤ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਇਲਾਕੇ ਵਿਚ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ। ਪੈਟਰੋਲ ਪੰਪ ਦਾ ਮੈਨੇਜਰ ਕੈਸ਼ ਲੈ ਕੇ ਬਾਰਕਪੁਰ ਮੋਹਾਲੀ ਸਥਿਤ ਬੈਂਕ ਵਿਚ ਜਮ੍ਹਾ ਕਰਵਾਉਣ ਜਾ ਰਿਹਾ ਸੀ। ਜਦੋਂ ਉਹ ਏਅਰੋਸਿਟੀ ਦੇ ਈ ਬਲਾਕ ਵਿਚ ਪਹੁੰਚਿਆ ਤਾਂ ਬਾਈਕ ‘ਤੇ ਤਿੰਨ ਨੌਜਾਵਨ ਆਏ ਜਿਨ੍ਹਾਂ ਦੇ ਚਿਹਰੇ ਢਕੇ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੀ UK ‘ਚ ਭੇਦਭਰੇ ਹਾਲਾਤਾਂ ‘ਚ ਹੋਈ ਮੌ.ਤ, ਕਰਜ਼ਾ ਚੁੱਕ ਕੇ ਪੁੱਤ ਤੇ ਨੂੰਹ ਨੂੰ ਭੇਜਿਆ ਸੀ ਵਿਦੇਸ਼
ਨੌਜਵਾਨਾਂ ਨੇ ਮੈਨੇਜਰ ਨੂੰ ਸਕੂਟੀ ਤੋਂ ਹੇਠਾਂ ਡਿਗਾ ਦਿੱਤਾ। ਇਸ ਦੇ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਉਸ ਕੋਲੋਂ 5 ਲੱਖ ਰੁਪਏ ਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਜਾਂਦੇ ਹੋਏ ਉਸ ਦੀ ਸਕੂਟੀ ਵੀ ਨਾਲ ਲੈ ਗਏ ਮੈਨੇਜਰ ਨੂੰ ਮਾਮੂਲੀ ਸੱਟ ਵੱਜੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: