Stone pelting by migrant: ਲੌਕਡਾਊਨ ਦੌਰਾਨ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਦੀਆਂ ਖਬਰਾਂ ਆ ਰਹੀਆਂ ਹਨ। ਬੀਤੀ ਰਾਤ ਮਾਲੇਰਕੋਟਲਾ ਵਿਖੇ ਅਰਿਹਿੰਤ ਧਾਗਾ ਮਿਲ ‘ਚ ਪ੍ਰਵਾਸੀ ਮਜਦੂਰਾਂ ਨੇ ਜ਼ਬਰਦਸਤ ਹੰਗਾਮਾ ਕੀਤਾ ਅਤੇ ਭੜਕੇ ਮਜਦੂਰਾਂ ਨੇ ਪੱਥਰਬਾਜੀ ਕੀਤੀ। ਭੜਕੇ ਮਜਦੂਰਾਂ ਨੂੰ ਕਾਬੂ ਕਰਨ ਵਿਚ ਅਸਫਲ ਹੋਏ ਮਿਲ ਪ੍ਰਬੰਧਕਾਂ ਵੱਲੋਂ ਸੂਚਨਾ ਦੇਣ ‘ਤੇ ਐੱਸ.ਡੀ.ਐਮ. ਮਲੇਰਕੋਟਲਾ, ਸ਼੍ਰੀ ਵਿਕਰਮਜੀਤ ਸਿੰਘ ਪਾਂਥੇ, ਐੱਸ.ਪੀ. ਮਨਜੀਤ ਸਿੰਘ ਬਰਾੜ, ਡੀ.ਐੱਸ. ਪੀ. ਮਲੇਰਕੋਟਲਾ ਸ਼੍ਰੀ ਸੁਮਿਤ ਸੂਦ ਅਤੇ ਡੀ.ਐੱਸ.ਪੀ. ਅਮਰਗੜ੍ਹ ਕਰਨਬੀਰ ਸਿੰਘ ਆਦਿ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਭੜਕੇ ਮਜਦੂਰਾਂ ਨੂੰ ਭਾਵੇਂ ਇਕ ਵਾਰ ਤਾਂ ਉਨ੍ਹਾਂ ਨੂੰ ਵਾਪਸ ਕੁਅਰਟਰਾਂ ਵਿਚ ਵਾਪਿਸ ਭੇਜ ਦਿਤਾ ਪਰੰਤੂ ਰਾਤ ਨੂੰ ਲਗਭਗ 11.15 ਮਜਦੂਰਾਂ ਨੇ ਮੁੜ ਇੱਕਠੇ ਹੋ ਕੇ ਹੰਗਾਮਾ ਸ਼ੁਰੂ ਕਰ ਦਿੱਤਾ।
ਮਜ਼ਦੂਰਾਂ ਨੇ ਪੱਥਰਬਾਜੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿਚ ਐੱਸ. ਡੀ. ਐੱਮ. ਮਾਲੇਰਕੋਟਲਾ, ਸ਼੍ਰੀ ਵਿਕਰਮਜੀਤ ਸਿੰਘ ਪਾਂਥੇ, ਡੀ.ਐੱਸ.ਪੀ. ਮਲੇਰਕੋਟਲਾ ਸ਼੍ਰੀ ਸੁਮਿਤ ਸੂਦ ਸਮੇਤ ਐੱਸ.ਪੀ. ਮਨਜੀਤ ਸਿੰਘ ਬਰਾੜ ਦੇ ਸੁਰੱਖਿਆ ਅਮਲੇ ’ਚ ਸ਼ਾਮਿਲ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਨੇ ਧਾਗਾ ਮਿਲ ਵਿਚ ਵਾਪਰੇ ਹੰਗਾਮੇਂ ਪਿੱਛੋਂ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਪੁਲਿਸ ਨੇ ਅਣਪਛਾਤੇ ਤਿੰਨ ਚਾਰ ਸੌ ਅਣਪਛਾਤੇ ਲੋਕਾਂ ਖਿਲਾਫ ਧਾਰਾ 188 ਅਤੇ 269 ਡੀਜਾਸਟਰ ਐਕਟ ਤਹਿਤ ਮੁਕੱਦਮਾਂ ਨੰਬਰ 75 ਦਰਜ ਕਰ ਲਿਆ ਹੈ। ਮਜਦੂਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੂਰੀ ਤਨਖਾਹ ਦਿਤੀ ਜਾਵੇ ਅਤੇ ਮਿੱਲ ਦੇ ਅੰਦਰਲੀਆਂ ਦੁਕਾਨਾਂ ਤੋਂ ਦੁਗਣੇ ਭਾਅ ‘ਤੇ ਮਿਲਦਾ ਰਾਸ਼ਨ ਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਖਰੀਦਣ ਦੀ ਬਜਾਏ ਬਾਜਾਰ ਵਿਚੋਂ ਸਮਾਨ ਖਰੀਦ ਕੇ ਲਿਆਉਣ ਦੀ ਇਜ਼ਾਜ਼ਤ ਦਿਤੀ ਜਾਵੇ।
ਰਾਤ ਤੋਂ ਹੀ ਸਪੀਨਿੰਗ ਮਿਲ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ। ਰਾਤ ਵਾਪਰੀਆਂ ਘਟਨਾਵਾਂ ਪਿੱਛੋਂ ਅੱਜ ਪੁਲਿਸ ਤੇ ਸਿਵਲ ਪ੍ਰਸਾਸ਼ਨ ਮਿਲ ਪ੍ਰਬੰਧਕਾਂ ਤੇ ਮਜਦੂਰਾਂ ਦਰਮਿਆਨ ਕਿਸੇ ਸੁਖਾਵੇਂ ਸਮਝੌਤੇ ਲਈ ਯਤਨ ਸ਼ੁਰੂ ਕਰ ਦਿਤੇ । ਇਸ ਵਾਸਤੇ ਏ.ਡੀ.ਸੀ. ਸ਼੍ਰੀ ਰਾਜੇਸ਼ ਤ੍ਰਿਪਾਠੀ ਮਲੇਰਕੋਟਲਾ ਪਹੁੰਚ ਗਏ। ਪ੍ਰਸ਼ਾਸਨਿਕ ਕੋਸ਼ਿਸ਼ਾਂ ਦੇ ਬਾਵਜੂਦ ਕਲ ਸ਼ਾਮ ਤੱਕ ਮਜਦੂਰਾਂ ਤੇ ਪ੍ਰਸਾਸ਼ਨ ਦਰਮਿਆਨ ਸਮਝੌਤੇ ਦੀਆਂ ਕੋਸ਼ਿਸ਼ਾਂ ਵਿਚ ਕੋਈ ਸਫਲਤਾ ਹਾਸਲ ਨਹੀਂ ਹੋਈ।