Sukhbir Badal warns Captain : ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਤੋਂ ਬਿਜਲੀ ਬਿਲ ਵਸੂਲਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਸੀ। ਭਾਵੇਂ ਸੁਖਬੀਰ ਬਾਦਲ ਵਲੋਂ ਤੇ ਹੋਰਨਾਂ ਵਿਰੋਧੀ ਧਿਰਾਂ ਵਲੋਂ ਵਿਰੋਧ ਕਰਨ ‘ਤੇ ਕੈਪਟਨ ਨੇ ਜਲਦੀ ਹੀ ਪਲਟੀ ਮਾਰ ਲਈ ਹੈ ਤੇ ਬਿਆਨ ਦੇ ਦਿੱਤਾ ਕਿ ਕਿਸਾਨਾਂ ਕੋਲੋਂ ਕਿਸੇ ਵੀ ਕੀਮਤ ‘ਤੇ ਬਿਜਲੀ ਦਾ ਬਿਲ ਨਹੀਂ ਵਸੂਲਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧ ਵਿਚ ਪ੍ਰੈੱਸ ਕਾਨਫਰੰਸ ਸ਼ਨੀਵਾਰ ਨੂੰ ਬੁਲਾਈ ਤੇ ਇਸ ਵਿਚ ਉਨ੍ਹਾਂ ਨੇ ਕਾਂਗਰਸ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸੇ ਵੀ ਕੀਮਤ ‘ਤੇ ਲੋਕ ਵਿਰੋਧੀ ਫੈਸਲਿਆਂ ਨੂੰ ਬਰਦਾਲ਼ਸ਼ਤ ਨਹੀਂ ਕਰਨਗੇ।
ਪ੍ਰੈੱਸ ਕਾਨਫਰੰਸ ਵਿਚ ਸੁਖਬੀਰ ਬਾਦਲ ਨੇ ਬੀਜ ਘਪਲੇ ਦਾ ਮਾਮਲਾ ਵੀ ਚੁੱਕਿਆ ਤੇ ਕਿਹਾ ਕਿ ਇਸ ਦੀ ਸੀ. ਬੀ. ਆਈ. ਤੋਂ ਜਾਂਚ ਹੋਣੀ ਚਾਹੀਦੀ ਹੈ। ਗਰੀਬਾਂ ਨੂੰ ਦਿੱਤੇ ਗਏ ਰਾਸ਼ਨ ਵਿਚ ਹੋਈ ਕਾਣੀ ਵੰਡ ਦਾ ਮੁੱਦਾ ਵੀ ਸੁਖਬੀਰ ਬਾਦਲ ਨੇ ਸਾਹਮਣੇ ਲਿਆਂਦਾ। ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਗਰੀਬਾਂ ਨੂੰ ਮਦਦ ਦੇ ਵੱਡੇ-ਵੱਡੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਅਸਲ ਵਿਚ ਉਨ੍ਹਾਂ ਨੂੰ ਲੌਕਡਾਊਨ ਦਰਮਿਆਨ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਪ੍ਰਵਾਸੀ ਮਜ਼ਦੂਰ ਹਨ ਜਿਹੜੇ ਮਜਬੂਰ ਹੋ ਕੇ ਆਪਣੇ ਰਾਜਾਂ ਨੂੰ ਵਾਪਸ ਜਾ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਕੇਂਦਰ ਵਲੋਂ ਗਰੀਬਾਂ ਦੀ ਮਦਦ ਲਈ ਵਿੱਤੀ ਸਹਾਇਤਾ ਤਾਂ ਭੇਜੀ ਜਾਂਦੀ ਹੈ ਪਰ ਕਾਂਗਰਸੀ ਵਿਧਾਇਕਾਂ ਵਲੋਂ ਇਸ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।
ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਸੂਬੇ ਵਿਚ ਬਹੁਤ ਸਾਰੀਆਂ ਖੁਦਕੁਸ਼ੀਆਂ ਦੇ ਮਾਮਲੇ ਵੀ ਸਾਹਮਣੇ ਆਏ ਹਨ ਤੇ ਨਾਲ ਹੀ ਪੱਤਰਕਾਰ ਜਿਹੜੇ ਰੇਤ ਮਾਫੀਆ ਜਾਂ ਸਰਕਾਰ ਦੇ ਘਪਲਿਆਂ ਦਾ ਸੱਚ ਲੋਕਾਂ ਦੇ ਸਾਹਮਣੇ ਲਿਆਉਂਦੇ ਹਨ ਉਨ੍ਹਾਂ ਦੀ ਜਾਨ ਵੀ ਖਤਰੇ ਵਿਚ ਹੈ। ਗਲਤ ਅਨਸਰਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਉਨ੍ਹਾਂ ਪਿੱਛੇ ਵੱਡੇ-ਵੱਡੇ ਨੇਤਾਵਾਂ ਦਾ ਹੱਥ ਹੈ। ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਵਲੋਂ ਇਨ੍ਹਾਂ ਲੋਕ ਵਿਰੋਧੀ ਫੈਸਲਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇਗੀ।