Terror created in Garha area : ਜਲੰਧਰ : ਥਾਣਾ-7 ਦੇ ਖੇਤਰ ਵਿੱਚ ਪੈਂਦੇ ਗੜ੍ਹਾ ਏਰੀਆ ਵਿੱਚ ਸਥਿਤ ਇੱਕ ਰੈਸਟੋਰੈਂਟ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਧਿਰਾਂ ਵਿੱਚ ਟਰੈਵਲ ਏਜੰਟ ਵੱਲੋਂ ਪਾਸਪੋਰਟ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਸਮੇਂ ਦੌਰਾਨ ਇਕ ਪਾਸਿਓਂ ਗੋਲੀ ਚਲਾਈ ਗਈ। ਇਸ ਸਬੰਧੀ ਪੁਲਿਸ ਨੇ ਦੇਰ ਰਾਤ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਘਟਨਾ ਦੀ ਖ਼ਬਰ ਮਿਲਦਿਆਂ ਹੀ ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਅਤੇ ਥਾਣਾ 7 ਦੇ ਐਸਐਚਓ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਨੂੰ ਪੁਲਿਸ ਕੰਟਰੋਲ ਰੂਮ ਵਿੱਚ ਸੂਚਨਾ ਦਿੱਤੀ ਗਈ ਕਿ ਕੁਝ ਵਿਅਕਤੀ ਉਕਤ ਜਗ੍ਹਾ ’ਤੇ ਝਗੜੇ ਅਤੇ ਇਸ ਦੌਰਾਨ ਗੋਲੀ ਚਲਾ ਦਿੱਤੀ। ਪੁਲਿਸ ਪਾਰਟੀ ਜਾਂਚ ਲਈ ਮੌਕੇ ‘ਤੇ ਪਹੁੰਚੀ।
ਪੀੜਤ ਰਵਿੰਦਰ ਸਿੰਘ ਨਿਵਾਸੀ ਅਜੀਤ ਨਗਰ ਕਪੂਰਥਲਾ ਨੇ ਦੱਸਿਆ ਕਿ ਉਹ ਟਰੈਵਲ ਏਜੰਟ ਹੈ। ਉਸ ਨੂੰ ਕਪੂਰਥਲਾ ਦੇ ਪਿੰਡ ਲਖਨਪੁਰ ਖੁਰਦ ਦੇ ਵਸਨੀਕ ਜਸਵੰਤ ਸਿੰਘ ਨੇ ਚੰਡੀਗੜ੍ਹ ਤੋਂ ਵੀਜ਼ਾ ਪ੍ਰਾਪਤ ਕਰਨ ਲਈ ਪਾਸਪੋਰਟ ਦਿੱਤਾ ਸੀ। ਉਸ ਨੂੰ ਸ਼ਨੀਵਾਰ ਨੇ ਪਾਸਪੋਰਟ ਵਾਪਸ ਕਰਨਾ ਸੀ। ਪਰ ਕੁਝ ਕਾਰਨਾਂ ਕਰਕੇ ਉਹ ਪਾਸਪੋਰਟ ਵਾਪਸ ਨਹੀਂ ਕਰ ਸਕਿਆ, ਦੋਵਾਂ ਵਿਚਕਾਰ ਪਹਿਲਾਂ ਫੋਨ ’ਤੇ ਵੀ ਬਹਿਸ ਹੋਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਜਸਵੰਤ ਸਿੰਘ ਨੇ ਰਵਿੰਦਰ ਦੀ ਲੋਕੇਸ਼ਨ ਪੁੱਛੀ ਅਤੇ ਕੁਝ ਸਮੇਂ ਬਾਅਦ ਮੁਲਜ਼ਮ ਜਸਵੰਤ ਆਪਣੇ ਛੇ ਸਾਥੀਆਂ ਨਾਲ ਰੈਸਟੋਰੈਂਟ ਤੋਂ ਬਾਹਰ ਆਇਆ। ਆਉਂਦੇ ਹੀ ਉਸਨੇ ਉਸ ਨਾਲ ਲੜਨਾ ਸ਼ੁਰੂ ਕਰ ਦਿੱਤਾ। ਉਹ ਵਿੱਚ-ਵਚਾਅ ਕਰ ਹੀ ਰਹੇ ਸਨ ਕਿ ਇੰਨੇ ਵਿੱਚ ਮੁਲਜ਼ਮਾਂ ਵਿਚੋਂ ਇੱਕ ਨੇ ਆਪਣਏ ਵੈਪਨ ਨਾਲ ਲਗਭਗ ਤਿੰਨ ਫਾਇਰ ਕੀਤੇ।
ਇਸ ਦੌਰਾਨ ਗੱਡੀਆਂ ਦੇ ਸ਼ੀਸ਼ੇ ਵੀ ਤੋੜੇ ਗਏ। ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੇਰ ਰਾਤ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਪਰਚਾ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੈਸਟੋਰੈਂਟ ਦੇ ਬਾਹਰ ਲਗਾਏ ਗਏ ਸੀਸੀਟੀਵੀ ਸਕੈਨ ਕੀਤੇ ਜਾਣਗੇ, ਜਿਸ ਨਾਲ ਇਹ ਮਾਮਲਾ ਸਾਫ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਵੱਖ ਵੱਖ ਪਹਿਲੂਆਂ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।