The announcement of : ਪੰਜਾਬ ਦੇ ਕੈਬਨਿਟ ਮੰਤਰੀਆਂ ਵਲੋਂ ਕੁਝ ਦਿਨ ਪਹਿਲਾਂ ਸਰਾਬ ਦੀ ਨੀਤੀ ‘ਤੇ ਚੀਫ ਸੈਕਟਰੀ ਨਾਲ ਮਨ-ਮੁਟਾਅ ਹੋ ਗਿਆ ਸੀ। ਮਤਭੇਦ ਇੰਨਾ ਵਧ ਗਿਆ ਸੀ ਕਿ ਹੁਣ ਚੀਫ ਸੈਕਟਰੀ ਦਾ ਬਾਈਕਾਟ ਤਕ ਦੀਆਂ ਖਬਰਾਂ ਵੀ ਆਉਣ ਲੱਗੀਆਂ ਸਨ ਪਰ ਲੱਗਦਾ ਹੈ ਕਿ ਇਹ ਸਾਰਾ ਕੁਝ ਸਿਰਫ ਇਕ ਡਰਾਮਾ ਸੀ ਕਿਉਂਕਿ ਸੋਮਵਾਰ ਨੂੰ ਪੰਜਾਬ ਦੇ ਮੰਤਰੀਆਂ ਦੀ ਹੋਈ ਬੈਠਕ ‘ਚ ਚੀਫ ਸੈਕਟਰੀ ਸ਼ਾਮਲ ਹੀ ਨਹੀਂ ਹੋਏ ਸਗੋਂ ਉਨ੍ਹਾਂ ਨੇ ਮੀਟਿੰਗ ਵਿਚ ਹਰੇਕ ਮੁੱਦੇ ‘ਤੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਅਜਿਹੀ ਸਥਿਤੀ ਵਿਚ ਲੱਗਦਾ ਹੈ ਕਿ ਪੰਜਾਬ ਦੇ ਮੰਤਰੀਆਂ ਵਲੋਂ ਚੀਫ ਸੈਕਟਰੀ ਦਾ ਬਾਈਕਾਟ ਕਰਨਾ ਸਿਰਫ ਕੋਝਾ ਮਜ਼ਾਕ ਹੀ ਬਣ ਗਿਆ ਹੈ।
ਕੈਬਨਿਟ ਮੰਤਰੀ ਵਲੋਂ ਹੀ ਨਹੀਂ ਸਗੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਿੱਖਿਆ ਮੰਤਰੀ ਨੇ ਵੀ ਚੀਫ ਸੈਕਟਰੀ ਨੂੰ ਬਾਈਕਾਟ ਕਰਨ ਦੀ ਗੱਲ ਤਕ ਕਹਿ ਦਿੱਤੀ ਸੀ ਤੇ ਉਨ੍ਹਾਂ ਕਿਹਾ ਕਿ ਜਿਸ ਬੈਠਕ ਵਿਚ ਚੀਫ ਸੈਕਟਰੀ ਹੋਣਗੇ ਉਥੇ ਅਸੀਂ ਸ਼ਾਮਲ ਨਹੀਂ ਹੋਵਾਂਗੇ। ਇਹ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ‘ਤੇ ਰਿਵਿਊ ਸਬੰਧੀ ਬੁਲਾਈ ਗਈ ਸੀ। ਮੀਟਿੰਗ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਣ ਵੀ ਬੈਠਕ ਵਿਚ ਮੌਜੂਦ ਸਨ। ਮੀਟਿੰਗ ਵਿਚ ਕੋਵਿਡ ਦੀ ਜਾਂਚ ਪ੍ਰਕਿਰਿਆ ਨੂੰ ਵੀ ਤੇਜ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਮੁੱਦਾ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਇਹ ਸਭ ਤੋਂ ਉਪਰ ਹੈ। ਸਿਆਸਤ ਨੂੰ ਇਸ ਵਿਚ ਕਿਸੇ ਵੀ ਤਰ੍ਹਾਂ ਨਹੀਂ ਲਿਆਂਦਾ ਜਾਵੇਗਾ। ਜੇਕਰ ਕਿਸੇ ਮੰਤਰੀ ਨਾਲ ਮਤਭੇਦ ਹਨ ਤਾਂ ਉਸ ਨੂੰ ਨਜ਼ਰਅੰਦਾਜ਼ ਕਰਕੇ ਪਹਿਲਾਂ ਸੂਬੇ ਦੇ ਹਿੱਤਾਂ ਨੂੰ ਸਭ ਤੋਂ ਉਪਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਹਿੱਤਾਂ ਨੂੰ ਦਾਅ ‘ਤੇ ਰੱਖ ਕੇ ਸਿਆਸਤ ਕਰਨਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।