The Chief Minister will discuss : ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ ਮੀਟਿੰਗ ਵਿਚ ਸੂਬੇ ਵਿਚ ਲੱਗੇ ਲੌਕਡਾਊਨ ਤੇ ਕੋਰੋਨਾ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ। ਸੂਬੇ ਵਿਚ 18 ਮਈ ਤੋਂ ਕਰਫਿਊ ਨੂੰ ਭਾਵੇਂ ਖਤਮ ਕਰ ਦਿੱਤਾ ਗਿਆ ਹੈ ਪਰ 31 ਮਈ ਤਕ ਲੌਕਡਾਊਨ ਜਾਰੀ ਹੈ। ਇਸੇ ਮੀਟਿੰਗ ਦੌਰਾਨ ਲੌਕਡਾਊਨ ਨੂੰ ਵਧਾਉਣ ਜਾਂ ਨਾ ਵਧਾਉਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ। ਇਹ ਮੀਟਿੰਗ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕੋਰੋਨਾ ਵਾਇਰਸ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੋਵੇਗੀ ਜਿਸ ਵਿਚ ਸਾਰੇ ਮੰਤਰੀ ਕੈਬਨਿਟ ਮੀਟਿੰਗ ਵਿਚ ਸ਼ਾਮਲ ਹੋਣਗੇ।
ਮੀਟਿੰਗ ਵਿਚ ਲੌਕਡਾਊਨ ਕਾਰਨ ਸੂਬੇ ਵਿਚ ਹੋਣ ਵਾਲੇ ਆਰਥਿਕ ਸਥਿਤੀ ਬਾਰੇ ਵੀ ਚਰਚਾ ਕੀਤੀ ਜਾਵੇਗੀ ਕਿਉਂਕਿ ਕੁਝ ਦੇਰ ਪਹਿਲਾਂ ਹੀ ਕਰਫਿਊ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੁਝ ਢਿੱਲ ਦਿੱਤੀ ਗਈ ਹੈ ਤੇ ਕੁਝ ਵਪਾਰਕ ਅਦਾਰਿਆਂ ਨੂੰ ਵੀ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਸੂਬੇ ਨੂੰ ਹੋਣ ਵਾਲੇ ਵਿੱਤੀ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਇਹ ਮੀਟਿੰਗ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਤੋਂ ਪਹਿਲਾਂ ਸਾਰੀਆਂ ਮੀਟਿੰਗਾਂ ਵੀਡੀਓ ਕਾਨਫਰਸਿੰਗ ਰਾਹੀਂ ਹੀ ਹੋਈਆਂ ਸਨ।
ਮੀਟਿੰਗ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਆਰਥਿਕ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਭਾਵੇਂ ਸੂਬੇ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਥੋੜ੍ਹੀ ਕਮੀ ਹੋਈ ਹੈ ਪਰ ਫਿਰ ਵੀ ਅਜੇ ਇਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਹਰੇਕ ਦੇਸ਼ ਕੋਰੋਨਾ ਵਿਰੁੱਧ ਜੰਗ ਲੜ ਰਿਹਾ ਹੈ ਤੇ ਹਰੇਕ ਦੇਸ਼ ਤੇ ਸੂਬੇ ਵਲੋਂ ਇਸ ਵਿਰੁੱਧ ਵੈਕਸੀਨ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਤਕ ਇਸ ਵਾਇਰਸ ਖਿਲਾਫ ਵੈਕਸੀਨ ਨਹੀਂ ਬਣ ਜਾਂਦਾ ਉਦੋਂ ਤਕ ਅਸੀਂ ਆਪਣੇ ਆਪ ਨੂੰ ਮਾਸਕ ਪਹਿਨ ਕੇ ਹੀ ਸੁਰੱਖਿਅਤ ਰੱਖ ਸਕਦੇ ਹਾਂ। ਇਸ ਲਈ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਇਸ ਵਧਦੇ ਵਾਇਰਸ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ।