The doctor was arrested :ਸਟਿੰਗ ਆਪ੍ਰੇਸ਼ਨ ਤਹਿਤ ਗੁਰਦਾਸਪੁਰ ਦੀ ਸਿਹਤ ਵਿਭਾਗ ਟੀਮ ਨੇ ਬੀ. ਏ. ਐੱਮ. ਐੱਸ. ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਾਰ ਦੇ ਅੰਦਰ ਹੀ ਲਿੰਗ ਨਿਰਧਾਰਨ ਮਸ਼ੀਨ ਰਾਹੀਂ ਪੇਟ ਵਿਚ ਪਲ ਰਹੇ ਬੱਚੇ ਦਾ ਪਤਾ ਲਗਾਉਣ ਦਾ ਗੋਰਖ ਧੰਦਾ ਕਾਫੀ ਲੰਮੇ ਸਮੇਂ ਤੋਂ ਚਲਾ ਰਿਹਾ ਸੀ। ਸਿਹਤ ਵਿਭਾਗ ਗੁਰਦਾਸਪੁਰ ‘ਚ ਤਾਇਨਾਤ ਜਿਲ੍ਹਾ ਫੈਮਿਲੀ ਵੈਲਫੇਅਰ ਅਧਿਕਾਰੀ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਇਹ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਡਾਕਟਰ ਆਪਣੀ ਕਾਰ ਵਿਚ ਸਕੈਨਿੰਗ ਮਸ਼ੀਨਾਂ ਲੈ ਕੇ ਆਉਂਦਾ ਹੈ ਅਤੇ ਉਸ ਦੁਆਰਾ ਪੇਟ ‘ਚ ਪਲ ਰਹੇ ਬੱਚੇ ਦਾ ਲਿੰਗ ਨਿਰਧਾਰਨ ਟੈਸਟ ਕਰਦਾ ਹੈ।
ਪੁਲਿਸ ਵਲੋਂ ਇਸ ਸਬੰਧੀ ਜਾਂਚ ਕੀਤੀ ਗਈ। ਪੁੱਛਗਿਛ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਕਤ ਕਾਰ ਰੋਪੜ ਨਿਵਾਸੀ ਰਾਕੇਸ਼ ਕੁਮਾਰ ਦੇ ਨਾਂ ‘ਤੇ ਹੈ। ਇਸ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਇਕ ਔਰਤ ਤੋਂ ਉਸ ਡਾਕਟਰ ਨੂੰ ਫੋਨ ਕਰਵਾ ਕੇ ਟੈਸਟ ਕਰਨ ਲਈ ਕਿਹਾ ਗਿਆ। ਡਾਕਟਰ ਨੇ ਪਹਿਲਾਂ ਤਾਂ 17 ਹਜ਼ਾਰ ਰੁਪਏ ਮੰਗੇ ਪਰ ਬਾਅਦ ਵਿਚ 15 ਹਜ਼ਾਰ ਰੁਪਏ ਵਿਚ ਗੱਲ ਮੁੱਕੀ। ਡਾਕਟਰ ਨੇ ਦੱਸਿਆ ਕਿ ਉਹ 20 ਮਈ ਨੂੰ ਗੁਰਦਾਸਪੁਰ ਆਏਗਾ ਤੇ ਉਥੇ ਹੀ ਉਸ ਦਾ ਟੈਸਟ ਕਰ ਦਿੱਤਾ ਜਾਵੇਗਾ।
ਸਿਹਤ ਵਿਭਾਗ ਗੁਰਦਾਸਪੁਰ ਦੇ ਵੈਲਫੇਅਰ ਅਧਿਕਾਰੀ ਨੇ ਦੱਸਿਆ ਕਿ ਉਕਤ ਡਾਕਟਰ ਨੇ ਸਾਡੇ ਵਲੋਂ ਭੇਜੀ ਔਰਤ ਨੂੰ 19 ਮਈ ਨੂੰ ਸਵੇਰੇ 6.30 ਵਜੇ ਕਾਹਨੂੰਵਾਨ ਚੌਕ ਕੋਲ ਪਹੁੰਚਣ ਲਈ ਕਿਹਾ ਤੇ ਦੱਸਿਆ ਕਿ ਉਸ ਦਾ ਟੈਸਟ ਕਲਾਨੌਰ ਵਿਖੇ ਕੀਤਾ ਜਾਵੇਗਾ। ਜਦੋਂ ਉਕਤ ਔਰਤ ਕਾਹਨੂੰਵਾਨ ਚੌਕ ‘ਤੇ ਪਹੁੰਚੀ ਤਾਂ ਉਸ ਕੋਲੋਂ 15000 ਰੁਪਏ ਲੈ ਲਏ ਗਏ ਤੇ ਉਸ ਨੂੰ ਕਾਰ ‘ਚ ਬਿਠਾ ਲਿਆ। ਪਹਿਲਾਂ ਡਾਕਟਰ ਵਲੋਂ ਉਸ ਨੂੰ ਕਲਾਨੌਰ ਦੀ ਬਜਾਏ ਮੁਕੇਰੀਆਂ ਵਲ ਲਿਜਾਇਆ ਗਿਆ। ਉਸ ਤੋਂ ਬਾਅਦ ਲੁਧਿਆਣੇ ਜਦੋਂ ਉਨ੍ਹਾਂ ਦੀ ਕਾਰ ਐਂਟਰ ਹੋਈ ਤਾਂ ਸਿਹਤ ਵਿਭਾਗ ਲੁਧਿਆਣਾ ਤੋਂ ਮਦਦ ਮੰਗੀ ਗਈ। ਆਖਿਰ ਕਾਰ ਜਮਾਲਪੁਰ ਇਲਾਕੇ ਦੇ ਸਾਈਂ ਕਲੀਨਿਕ ਰੁਕੀ ਤਾਂ ਸਿਹਤ ਵਿਭਾਗ ਦੀ ਟੀਮ ਵਲੋਂ ਪਿਛਿਓਂ ਨਜ਼ਰ ਰੱਖੀ ਜਾ ਰਹੀ ਸੀ। ਇਸ ਤੋਂ ਬਾਅਦ ਅਸੀਂ ਡਾਕਟਰ ਨੂੰ ਔਰਤ ਵਲੋਂ ਦਿੱਤੇ ਗਏ 15000 ਰੁਪਏ ਸਮੇਤ ਕਾਬੂ ਕਰ ਲਿਆ ਗਿਆ।