The first death : ਚੰਡੀਗੜ੍ਹ ਵਿਖੇ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਰ ਅੱਜ ਚੰਡੀਗੜ੍ਹ ਤੋਂ ਇਕ ਬੁਰੀ ਖਬਰ ਆਈ ਹੈ ਕਿ ਇਥੇ ਕੋਰੋਨਾ ਪਾਜੀਟਿਵ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੈਕਟਰ-18 ਵਾਸੀ 82 ਸਾਲਾ ਦਰਸ਼ਨਾ ਦੇਵੀ ਦੇ ਰੂਪ ਵਿਚ ਹੋਈ ਹੈ। ਇਹ ਚੰਡੀਗੜ੍ਹ ਵਿਚ ਕੋਰੋਨਾ ਨਾਲ ਹੋਣ ਵਾਲੀ ਪਹਿਲੀ ਮੌਤ ਹੈ। ਦਰਸ਼ਨਾ ਦੇਵੀ ਦਾ ਇਲਾਜ ਪੰਚਕੂਲਾ ਵਿਖੇ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਪੰਚਕੂਲਾ ਦੀ CMO ਜਸਜੀਤ ਕੌਰ ਨੇ ਦਿੱਤੀ।
ਚੰਡੀਗੜ੍ਹ ਵਿਖੇ ਬਾਪੂਧਾਮ ਕਾਲੋਨੀ ਜਿਹੜਾ ਕੋਰੋਨਾ ਪਾਜੀਟਿਵ ਮਰੀਜਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਸ਼ਨੀਵਾਰ ਸ਼ਾਮ ਨੂੰ ਚੰਡੀਗੜ੍ਹ ਵਿਖੇ 7 ਕੋਰੋਨਾ ਪਾਜੀਟਿਵ ਮਰੀਜ਼ ਪਾਏ ਗਏ ਜਿਨ੍ਹਾਂ ਵਿਚੋਂ 5 ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ਸਨ। ਇਨ੍ਹਾਂ ਮਰੀਜਾਂ ਵਿਚ ਇਕ 14 ਸਾਲਾ ਲੜਕਾ, ਇਕ 21 ਸਾਲਾ ਕੁੜੀ ਅਤੇ 30, 34, 42 ਸਾਲਾਂ ਦੇ ਤਿੰਨ ਪੁਰਸ਼ ਹਨ। ਇਕ ਹੋਰ ਕੇਸ ਮਨੀਮਾਜਰਾ ਵਿਚ ਵੀ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਇਨ੍ਹਾਂ ਮਰੀਜਾਂ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਭੇਜੇ ਗਏ ਹਨ। ਅਜੇ ਉਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਫਿਰ ਵੀ ਅਹਿਤਿਆਤ ਦੇ ਤੌਰ ‘ਤੇ ਇਨ੍ਹਾਂ ਨੂੰ ਘਰਾਂ ਵਿਚ ਕੁਆਰੰਟਾਈਨ ਕੀਤਾ ਗਿਆ ਹੈ।
ਇੰਨੀ ਜਲਦੀ ਮਰੀਜਾਂ ਦੀ ਗਿਣਤੀ ਦਾ ਵਧਣਾ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ। ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣ, ਮਾਸਕ ਤੇ ਸੈਨੇਟਾਈਜਰ ਦੀ ਵਰਤੋਂ ਕਰਨ, ਵਾਰ-ਵਾਰ ਸਾਬੁਣ ਨਾਲ ਹੱਥ ਧੋਣ। ਸਾਨੂੰ ਸਾਰਿਆਂ ਨੂੰ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸਮੇਂ ਰਹਿੰਦੇ ਇਸ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਇਸ ਦੇ ਘਾਤਕ ਪ੍ਰਭਾਵਾਂ ਤੋਂ ਬਚਿਆ ਜਾ ਸਕੇ।