The woman made her fortune : ਖੰਨਾ : ਔਰਤਾਂ ਅੱਜਕਲ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਸ ਦਾ ਸਾਥ ਦਿੰਦੀਆਂ ਹਨ ਅਤੇ ਕੋਈ ਵੀ ਕੰਮ ਕਰਨ ਤੋਂ ਨਹੀਂ ਝਿਜਕਦੀਆਂ, ਇਸ ਦੀ ਮਿਸਾਲ ਸਾਹਮਣੇ ਆਈ ਖੰਨਾ ਸ਼ਹਿਰ ਤੋਂ ਜਿਥੇ ਇੱਕ ਔਰਤ ਆਪਣੇ ਪਰਿਵਾਰ ਲਈ ਆਟੋ ਰਿਕਸ਼ਾ ਚਲਾ ਰਹੀ ਹੈ। ਇਹ ਔਰਤ ਪਹਿਲਾਂ ਘਰਾਂ ਵਿੱਚ ਕੰਮ ਕਰਦੀ ਸੀ ਪਰ ਹੁਣ ਆਟੋ ਚਲਾ ਕੇ ਆਪਣੀ ਕਿਸਮਤ ਬਣਾ ਰਹੀ ਹੈ। ਖੰਨਾ ਦੀ ਇੱਕ ਫਾਊਂਡੇਸ਼ਨ ਨੇ ਉਨ੍ਹਾਂ ਨੇ ਇਹ ਆਟੋ ਮੁਫਤ ਮੁਹੱਈਆ ਕਰਵਾ ਕੇ ਦਿੱਤਾ ਤੇ ਆਪਣੀ ਮਿਹਨਤ ਸਦਕਾ ਉਹ ਇਸ ਨਾਲ ਆਪਣਾ ਘਰ ਦਾ ਖਰਚਾ ਵੀ ਚਲਾ ਰਹੀ ਹੈ ਤੇ ਘਰ ਵੀ ਸਾਂਭ ਰਹੀ ਹੈ।
ਔਰਤ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਉਸ ਦੇ ਪਤੀ ਤੇ ਤਿੰਨ ਬੱਚੇ ਹਨ ਅਤੇ ਉਹ ਖੰਨਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਉਹ ਪਹਿਲਾਂ ਘਰਾਂ ਵਿੱਚ ਕੰਮ ਕਰਦੀ ਸੀ, ਜਿਥੇ ਉਸ ਨੂੰ ਕੋਈ ਖਾਸ ਆਮਦਨ ਨਹੀਂ ਹੁੰਦੀ ਸੀ। ਉਸਲ ਤੋਂ ਬਾਅਦ ਉਸ ਨੂੰ ਖੰਨਾ ਦੀ ਸੁਪਰ ਮਿਲਕ ਪਲਾਂਟ ਵਾਲਿਆਂ ਨੇ ਪੰਜ ਲੋਕਾਂ ਨੂੰ ਮੁਫਤ ਵਿੱਚ ਆਟੋ ਮੁਹੱਈਆ ਕਰਵਾ ਕੇ ਦਿੱਤੇ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਸੀ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੇ ਇੱਕ-ਡੇਢ ਮਹੀਨਾ ਆਟੋ ਸਿੱਖਣ ਵਿੱਚ ਲਗਾਇਆ ਜਿਸ ਤੋਂ ਬਾਅਦ ਉਸ ਨੂੰ ਇਹ ਆਟੋ ਮੁਹੱਈਆ ਕਰਵਾਇਆ। ਉਹ ਪਿਛਲੇ 6-7 ਮਹੀਨਿਆਂ ਤੋਂ ਆਟੋ ਚਲਾ ਰਹੀ ਹੈ। ਲੌਕਡਾਊਨ ਵਿੱਚ ਉਸ ਦਾ ਕੰਮ ਬੰਦ ਰਿਹਾ ਅਤੇ ਪਿਛਲੇ ਦੋ ਮਹੀਨਿਆਂ ਤੋਂ ਬਾਅਦ ਉਹ ਮੁੜ ਆਟੋ ਚਲਾ ਰਹੀ ਹੈ।
ਉਸ ਨੇ ਦੱਸਿਆ ਕਿ ਉਹ ਆਟੋ ਲੈ ਕੇ ਸਮਰਾਲਾ ਰੋਡ, ਮਾਲੇਰਕੋਟਲਾ ਰੋਡ, ਗੋਬਿੰਦਗੜ੍ਹ ਵੱਲ ਪਿੰਡਾਂ ਤੱਕ ਚਲੀ ਜਾਂਦੀ ਹੈ। ਔਰਤ ਵੱਲੋਂ ਆਟੋ ਚਲਾਉਣ ਨੂੰ ਲੈ ਕੇ ਲੋਕਾਂ ਵੱਲੋਂ ਦਿੱਤੀ ਜਾ ਰਹੀ ਪ੍ਰਤੀਕਿਰਿਆ ਬਾਰੇ ਉਸ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਥੋੜ੍ਹੀ ਪ੍ਰੇਸ਼ਾਨੀ ਆਈ ਸੀ। ਨਵੇਂ ਸਿੱਖਣ ਕਰਕੇ ਸਵਾਰੀਆਂ ਉਸ ਦੇ ਆਟੋ ਵਿੱਚ ਨਹੀਂ ਬੈਠਦੀਆਂ ਸਨ ਅਤੇ ਆਟੋ ਵਾਲੇ ਵੀ ਇਸ ਨੂੰ ਲੈ ਕੇ ਟਿੱਪਣੀ ਕਰਦੇ ਸਨ ਪਰ ਹੁਣ ਸਾਰੇ ਹੀ ਉਸ ਨੂੰ ਸਹਿਯੋਗ ਕਰਦੇ ਹਨ ਅਤੇ ਜ਼ਿਆਦਾਤਰ ਲੇਡੀਜ਼ ਸਵਾਰੀਆਂ ਉਸ ਦੇ ਆਟ ਵਿੱਚ ਬੈਠਦੀਆਂ ਹਨ। ਉਸ ਨੇ ਦੱਸਿਆ ਕਿ ਔਰਤਾਂ ਉਸ ਨੂੰ ਆਟੋ ਚਲਾਉਂਦੇ ਦੇਖ ਕੇ ਖੁਸ਼ ਹੁੰਦੀਆਂ ਹਨ ਅਤੇ ਉਸ ਨੂੰ ਹੋਰ ਵੀ ਉਤਸ਼ਾਹਿਤ ਕਰਦੀਆਂ ਹਨ। ਉਸ ਨੇ ਦੱਸਿਆ ਕਿ ਉਹ ਬਿਲਕੁਲ ਵੀ ਪੜ੍ਹੀ-ਲਿਖੀ ਨਹੀਂ ਹੈ ਇਸ ਲਈ ਉਸ ਨੂੰ ਘਰਾਂ ਦਾ ਕੰਮ ਕਰਨਾ ਪੈਂਦਾ ਸੀ ਤੇ ਉਸ ਨੂੰ ਆਮਦਨ ਵੀ ਕੁਝ ਖਾਸ ਨਹੀਂ ਹੁੰਦੀ ਸੀ। ਪਰ ਹੁਣ ਆਟੋ ਚਲਾ ਕੇ ਉਹ ਆਪਣੀ ਦਿਹਾੜੀ ਵੀ ਚੰਗੀ ਬਣਾ ਲੈਂਦੀ ਹੈ ਅਤੇ ਨਾਲ ਹੀ ਆਪਣਾ ਕੰਮ ਹੋਣ ਕਰਕੇ ਘਰ ਵੀ ਦੇਖ ਸਕਦੀ ਹੈ।