The youth reached the hospital : ਪਠਾਨਕੋਟ ਵਿਖੇ ਜੁਗਿਆਲ ਸਥਿਤ ਤ੍ਰੇਹਟੀ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੂੰ ਦੂਸਰੇ ਨੇ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਦੋਸ਼ੀ ਨੇ ਘਰ ਤੋਂ ਚਾਕੂ ਲਿਆ ਕੇ ਉਸ ’ਤੇ ਚਾਰ ਵਾਰ ਕੀਤੇ। ਰੌਲਾ ਸੁਣ ਕੇ ਲੋਕ ਜਮ੍ਹਾ ਹੋਣ ਲੱਗੇ ਤਾਂ ਚਾਕੂ ਨੂੰ ਪਿੱਠ ’ਤੇ ਹੀ ਲੱਗਾ ਛੱਡ ਕੇ ਦੋਸ਼ੀ ਫਰਾਰ ਹੋ ਗਿਆ। ਜ਼ਖਮੀ ਸੁਨੀਲ ਕੁਮਾਰ ਲੋਕਾਂ ਨਾਲ 15 ਕਿਲੋਮੀਟਰ ਦੂਰ ਸਿਵਲ ਹਸਪਤਾਲ ਪਹੁੰਚਿਆ। ਇਥੇ ਚਾਕੂ ਨਾ ਨਿਕਲ ਸਕਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਪਰਿਵਾਰ ਨੇ ਪਠਾਨਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਹੀ ਉਸ ਨੂੰ ਭਰਤੀ ਕਰਵਾਇਆ। ਘਟਨਾ ਦੇ ਲਗਭਗ 3 ਘੰਟੇ ਬਾਅਦ ਨੌਜਵਾਨ ਦੀ ਪਿੱਠ ਤੋਂ ਚਾਕੂ ਕੱਢਿਆ ਜਾ ਸਕਿਆ। ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ ਹੈ।
ਦੱਸਣਯੋਗ ਹੈ ਕਿ ਸੁਨੀਲ ਵੈਲਡਿੰਗ ਦਾ ਕੰਮ ਕਰਦਾ ਹੈ। ਦੋਸ਼ ਹੈ ਕਿ ਪਿੰਡ ਦਾ ਨੌਜਵਾਨ, ਜਿਸ ਨੇ ਸ਼ਰਾਬ ਪੀਤੀ ਹੋਈ ਸੀ, ਉਸ ਨੂੰ ਬੇਮਤਲਬ ਗਾਲ੍ਹਾਂ ਕੱਢ ਰਿਹਾ ਸੀ ਅਤੇ ਰੋਕਣ ’ਤੇ ਦੋਵਾਂ ਵਿੱਚ ਹੱਥੋਪਾਈ ਹੋ ਗਈ। ਇਸ ਦੌਰਾਨ ਸੁਨੀਲ ਨੇ ਦੋਸ਼ੀ ਨੂੰ ਥੱਪੜ ਮਾਰ ਦਿੱਤਾ ਤਾਂ ਉਹ ਭੱਜ ਕੇ ਘਰ ਪਹੁੰਚਿਆ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਸੰਬੰਧੀ ਸ਼ਾਹਪੁਰਕੰਡੀ ਦੇ ਥਾਣਾ ਮੁਖੀ ਨੇ ਕਿਹਾ ਕਿ ਨੌਜਵਾਨ ਦੇ ਬਿਆਨ ’ਤੇ ਅਗਲੀ ਕਾਰਵਾਈ ਹੋਵੇਗੀ।