Uddhav thackeray residence matoshree: ਮੁੰਬਈ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ । ਦੇਸ਼ ਵਿੱਚ ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਹਨ । ਇੱਥੇ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 11 ਹਜ਼ਾਰ ਨੂੰ ਪਾਰ ਗਈ ਹੈ । ਉੱਥੇ ਹੀ ਸ਼ਨੀਵਾਰ ਨੂੰ ਮੁੱਖ ਮੰਤਰੀ ਊਧਵ ਠਾਕਰੇ ਦੇ ਘਰ ਮਾਤੋਸ਼੍ਰੀ ਦੇ ਬਾਹਰ ਤਾਇਨਾਤ 3 ਪੁਲਿਸ ਕਾਂਸਟੇਬਲ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ।
ਜਿਨ੍ਹਾਂ ਨੂੰ ਸਾਂਤਾਕਰੂਜ਼ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਊਧਵ ਦੇ ਘਰ ਦੇ ਬਾਹਰ ਚਾਹ ਦਾ ਸਟਾਲ ਲਗਾਉਣ ਵਾਲਾ ਇੱਕ ਸ਼ਖਸ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ । ਜਿਸ ਤੋਂ ਮਾਤੋਸ਼੍ਰੀ ਦੇ ਬਾਹਰ ਪੁਲਿਸ ਕਰਮਚਾਰੀ ਚਾਹ ਪੀਂਦੇ ਰਹਿੰਦੇ ਸਨ । ਇਸ ਸਭ ਦੇ ਮੱਦੇਨਜ਼ਰ ਮਾਤੋਸ਼੍ਰੀ ‘ਤੇ ਤਾਇਨਾਤ 130 ਪੁਲਿਸ ਕਰਮਚਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਸੀ ।
ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ 1008 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ , ਜੋ ਕਿ ਇੱਕ ਦਿਨ ਵਿੱਚ ਮਿਲੇ ਸਭ ਤੋਂ ਵੱਧ ਮਰੀਜ਼ਾਂ ਦਾ ਰਿਕਾਰਡ ਹੈ । ਇਸ ਤੋਂ ਬਾਅਦ ਮਹਾਂਰਾਸ਼ਟਰ ਵਿੱਚ ਕੋਰੋਨਾ ਵਾਇਰਸ ਨਾਲ ਪੀੜਤਾਂ ਦਾ ਅੰਕੜਾ 11,506 ਤੱਕ ਪਹੁੰਚ ਗਿਆ ਹੈ, ਜਦਕਿ 485 ਲੋਕ ਆਪਣੀ ਜਾਨ ਗੁਆ ਚੁੱਕੇ ਹਨ ।
ਦੱਸ ਦੇਈਏ ਕਿ ਪੂਰੀ ਦੁਨੀਆ ਸਮੇਤ ਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਲਾਕਡਾਊਨ ਲਾਗੂ ਹੈ, ਪਰ ਇਸਦੇ ਬਾਵਜੂਦ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਕੋਰੋਨਾ ਦੇ ਵੱਧ ਰਹੇ ਪ੍ਰਭਾਵ ਕਾਰਨ ਪੀੜਤਾਂ ਦੀ ਗਿਣਤੀ 37 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ । ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 37 ਹਜ਼ਾਰ 336 ਹੋ ਗਈ ਹੈ । ਉਥੇ ਹੀ 1218 ਲੋਕ ਇਸ ਵਾਇਰਸ ਕਾਰਨ ਆਪਣੀ ਗੁਆ ਚੁੱਕੇ ਹਨ, ਜਦਕਿ 9 ਹਜ਼ਾਰ 991 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ।