uddhav thackeray says: ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਨੂੰ ਕਿਹਾ ਕਿ ਅਚਾਨਕ ਤਾਲਾਬੰਦੀ ਨੂੰ ਲਾਗੂ ਕਰਨਾ ਗਲਤ ਸੀ ਅਤੇ ਹੁਣ ਇਸ ਨੂੰ ਤੁਰੰਤ ਹਟਾ ਨਹੀਂ ਸਕਦੇ। ਊਧਵ ਠਾਕਰੇ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਬਰਸਾਤੀ ਮੌਸਮ (ਮਾਨਸੂਨ) ਵਿੱਚ ਬਹੁਤ ਚੌਕਸ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਮਹਾਰਾਸ਼ਟਰ ਵਿੱਚ ਕੋਵਿਡ -19 ਦੇ ਕੇਸ ਲਗਾਤਾਰ ਵੱਧ ਰਹੇ ਹਨ। ਟੀਵੀ ‘ਤੇ ਪ੍ਰਸਾਰਿਤ ਕੀਤੇ ਗਏ ਸੰਦੇਸ਼ ਵਿੱਚ ਉਨ੍ਹਾਂ ਕਿਹਾ, “ਅਚਾਨਕ ਤਾਲਾਬੰਦੀ ਕਰਨਾ ਗਲਤ ਸੀ। ਇਸ ਨੂੰ ਤੁਰੰਤ ਹਟਾਉਣਾ ਉਨਾ ਹੀ ਗਲਤ ਹੋਵੇਗਾ। ਇਹ ਸਾਡੇ ਲੋਕਾਂ ਲਈ ਦੋਹਰਾ ਝੱਟਕਾ ਹੋਵੇਗਾ।”
ਧਿਆਨ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇਸਦਾ ਪਹਿਲਾ ਪੜਾਅ 25 ਮਾਰਚ ਤੋਂ 14 ਅਪ੍ਰੈਲ ਤੱਕ ਸੀ, ਜੋ 15 ਅਪ੍ਰੈਲ ਤੋਂ ਵਧਾ ਕੇ 3 ਮਈ (ਦੂਜਾ ਪੜਾਅ) ਕੀਤਾ ਗਿਆ ਸੀ। ਇਸਦਾ ਤੀਜਾ ਪੜਾਅ 4 ਮਈ ਤੋਂ 17 ਮਈ ਤੱਕ ਸੀ ਅਤੇ ਹੁਣ ਲਾਕਡਾਉਨ 4.0 ਕੁੱਝ ਢਿੱਲ ਨਾਲ 18 ਮਈ ਤੋਂ 31 ਮਈ ਤੱਕ ਹੈ।
ਠਾਕਰੇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਥੋੜੀ ਮਦਦ ਕੀਤੀ ਹੈ, ਪਰ ਉਹ ਕੋਈ ਰਾਜਨੀਤਿਕ ਟ੍ਰੋਲਿੰਗ ਨਹੀਂ ਕਰੇਗੀ। ਜ਼ਿਕਰਯੋਗ ਹੈ ਕਿ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਨੇ ਪਿੱਛਲੇ ਸਾਲ ਭਾਜਪਾ ਨਾਲ ਆਪਣਾ ਪੁਰਾਣਾ ਸਬੰਧ ਤੋੜ ਦਿੱਤਾ ਸੀ। ਮੁੱਖ ਮੰਤਰੀ ਠਾਕਰੇ ਨੇ ਕਿਹਾ, “ਮਹਾਰਾਸ਼ਟਰ ਸਰਕਾਰ ਨੂੰ ਅਜੇ ਤੱਕ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦਾ ਬਕਾਇਆ ਨਹੀਂ ਮਿਲਿਆ ਹੈ। ਰੇਲ ਟਿਕਟ ਦੇ ਕਿਰਾਏ ਦਾ ਪ੍ਰਮੁੱਖ ਹਿੱਸਾ (ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਲਿਆਉਣ ਲਈ) ਅਜੇ ਮਿਲਣਾ ਬਾਕੀ ਹੈ। ਕੁੱਝ ਦਵਾਈਆਂ ਦੀ ਘਾਟ ਅਜੇ ਵੀ ਹੈ। ਸ਼ੁਰੂ ਵਿੱਚ ਸਾਨੂੰ ਪੀਪੀਈ ਕਿੱਟਾਂ ਅਤੇ ਹੋਰ ਉਪਕਰਣਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ।”