Union Petroleum Minister : ਕੇਂਦਰੀ ਪੈਟਰੋਲੀਅਮ ਅਤੇ ਨੈਚੁਰਲ ਗੈਸ ਤੇ ਸਟੀਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੋਰੋਨਾ ਕਾਰਨ ਦੋ ਮਹੀਨੇ ਤੋਂ ਪੈਂਡਿੰਗ ਪਏ ਮੋਹਾਲੀ ਜਿਲ੍ਹੇ ਦੇ ਪਹਿਲੇ CNG ਸਟੇਸ਼ਨ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ। ਪ੍ਰਧਾਨ ਨੇ ਪੰਜਾਬ ਵਿਚ ਕੁੱਲ 4 ਸੀ. ਐੱਨ. ਜੀ. ਸਟੇਸ਼ਨਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿਚੋਂ ਦੋ ਜਿਲ੍ਹਾ ਪਟਿਆਲਾ ਅਤੇ 1-1 ਮੋਹਾਲੀ ਅਤੇ ਸੰਗਰੂਰ ਜਿਲ੍ਹੇ ਵਿਚ ਹਨ। ਮੋਹਾਲੀ ਦਾ ਇਹ ਪਹਿਲਾ ਸੀ. ਐੱਨ. ਜੀ. ਸਟੇਸ਼ਨ ਲਾਂਡਰਾ-ਚੁੰਨੀ ਸਟੇਟ ਹਾਈਵੇ 12 ਏ ‘ਤੇ ਸਥਿਤ ਮਿਡਵੇ ਐੱਚ ਪੀ. ਸੈਂਟਰ ਦੇ ਨਾਂ ਤੋਂ ਹੈ। ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ 72 ਫੀਸਦੀ ਜਨਸੰਖਿਆ ਅਤੇ 52 ਫੀਸਦੀ ਭੂਗੌਲਿਕ ਏਰੀਆ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀ. ਡੀ. ਡੀ.) ਵਲੋਂ ਕਵਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਸ਼ੁੱਧ ਤੇ ਸਸਤੀ CNG ਊਰਜਾ ਉਪਲਬਧ ਕਰਵਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ।
ਇਸ ਮੌਕੇ ਟੋਰੈਂਟ ਗੈਸ ਦੇ ਨਿਦੇਸ਼ਕ ਜਿਨਲ ਮਹਿਤਾ ਨੇ ਦੱਸਿਆ ਕਿ ਟੋਰੈਂਟ ਗੈਸ ਨੇ ਜੂਨ 2021-22 ਤਕ ਦੇਸ਼ ਭਰ ਵਿਚ 200 ਸੀ. ਐੱਨ. ਜੀ. ਸਟੇਸ਼ਨ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ। ਇਸ ਵਿਚ 20 ਸੀ. ਐੱਨ. ਜੀ. ਸਟੇਸ਼ਨ ਪਟਿਆਲਾ, ਸੰਗਰੂਰ ਤੇ ਮੋਹਾਲੀ ਲਈ ਤੈਅ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਪਿਛਲੇ ਢਾਈ ਮਹੀਨੇ ਤੋਂ ਸੂਬੇ ਵਿਚ ਲੌਕਡਾਊਨ ਕਾਰਨ ਬਹੁਤ ਸਾਰੇ ਕੰਮ ਪੈਂਡਿੰਗ ਸਨ। ਜਿਥੇ ਲੌਕਡਾਊਨ ਨਾਲ ਅਰਥਵਿਵਸਥਾ ਨੂੰ ਵਿੱਤੀ ਨੁਕਸਾਨ ਹੋਇਆ ਹੈ, ਦੂਜੇ ਪਾਸੇ ਲੌਕਡਾਊਨ ਦਾ ਸਾਕਾਰਾਤਮਕ ਅਸਰ ਇਹ ਵੀ ਰਿਹਾ ਕਿ ਇਸ ਨਾਲ ਪ੍ਰਦੂਸ਼ਣ ਘਟਿਆ ਹੈ, ਹਵਾ ਸਾਫ ਹੋਈ ਹੈ।