Vande Bharat Mission: ਹੈਦਰਾਬਾਦ: ਵੰਦੇ ਭਾਰਤ ਮਿਸ਼ਨ ਤਹਿਤ ਸ਼ਨੀਵਾਰ ਨੂੰ ਅਮਰੀਕਾ ਤੋਂ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ 121 ਭਾਰਤੀ ਯਾਤਰੀਆਂ ਨੂੰ ਲੈ ਕੇ ਹੈਦਰਾਬਾਦ ਸਥਿਤ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੀ । ਇਸ ਬਾਰੇ ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਵਿੱਚ 121 ਯਾਤਰੀ ਸਵਾਰ ਸਨ, ਜੋ ਕਿ ਅੱਜ ਸਵੇਰੇ 3.14 ਵਜੇ ਅਮਰੀਕਾ ਦੇ ਨੇਵਾਰਕ ਤੋਂ ਹੈਦਰਾਬਾਦ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ‘ਤੇ ਆਉਂਦਿਆਂ ਹੀ ਯਾਤਰੀਆਂ ਦੀ ਟਰਮੀਨਲ ‘ਤੇ ਸਕ੍ਰੀਨਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸੈਨੇਟਾਈਜ਼ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਮੀਗ੍ਰੇਸ਼ਨ ਅਤੇ ਹੋਰ ਨਿਯਮ ਪੂਰੇ ਕੀਤੇ ਜਾਣ ਤੋਂ ਬਾਅਦ ਯਾਤਰੀਆਂ ਨੂੰ ਨਿਯਯਮਾਂ ਅਨੁਸਾਰ 14 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣ ਹੋਵੇਗਾ ।
ਉੱਥੇ ਹੀ ਤੇਲੰਗਾਨਾ ਸਰਕਾਰ ਵੱਲੋਂ ਵਿਦੇਸ਼ ਮੰਤਰਾਲਾ, ਵੱਖ-ਵੱਖ ਕੇਂਦਰੀ ਏਜੰਸੀਆਂ ਅਤੇ ਹਵਾਈ ਅੱਡੇ ਅਥਾਰਟੀਆਂ ਦੇ ਸਹਿਯੋਗ ਨਾਲ ਜਾਰੀ ਕੀਤੇ ਗਏ ਪ੍ਰੋਟੋਕਾਲ ਅਨੁਸਾਰ ਹੈਦਰਾਬਾਦ ਪਹੁੰਚਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ । ਦਰਅਸਲ, ਵੰਦੇ ਭਾਰਤ ਮਿਸ਼ਨ ਤਹਿਤ ਹੈਦਰਾਬਾਦ ਵਿੱਚ ਉਤਰਨ ਵਾਲੀ ਇਹ 8ਵੀਂ ਉਡਾਣ ਸੀ, ਜਿਸ ਦਾ ਉਦੇਸ਼ ਵੱਖ-ਵੱਖ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਬਾਹਰ ਕੱਢਣਾ ਹੈ।
ਦੱਸ ਦੇਈਏ ਕਿ ਹੈਦਰਾਬਾਦ ਹਵਾਈ ਅੱਡੇ ਨੇ ਹੁਣ ਤੱਕ ਅਮਰੀਕਾ, ਬ੍ਰਿਟੇਨ, ਕੁਵੈਤ, ਸੰਯੁਕਤ ਅਰਬ ਅਮੀਰਾਤ, ਫਿਲਪੀਨਜ਼ ਅਤੇ ਮਲੇਸ਼ੀਆ ਵਿੱਚ ਫਸੇ 1200 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਫਲਾਈਟਾਂ ਦਾ ਕੰਮ ਦੇਖਿਆ ਹੈ । ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਗੂ ਲਾਕਡਾਊਨ ਕਰ ਕੇ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿੱਚ ਫਸੇ ਹੋਏ ਸਨ, ਉਨ੍ਹਾਂ ਨੇ ਭਾਰਤ ਆਉਣ ਦੀ ਇੱਛਾ ਜਤਾਈ ਸੀ । ਜਿਸ ਤੋਂ ਬਾਅਦ ਸਿਵਲ ਹਵਾਬਾਜ਼ੀ ਮੰਤਰਾਲਾ ਵਲੋਂ ਵੰਦੇ ਭਾਰਤ ਮਿਸ਼ਨ ਤਹਿਤ ਵਿਦੇਸ਼ਾਂ ਵਿੱਚ ਫਸੇ ਹੋਏ ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਉਣ ਦੀ ਮੁਹਿੰਮ ਚਲਾਈ ਗਈ ।