ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦੇ ਮਕਸਦ ਨਾਲ ਪੰਜਾਬ ਵਿਜੀਲੈਂਸ ਨੇ 2022 ਵਿੱਚ ਰਿਕਾਰਡ ਕਾਇਮ ਕਰਦਿਆਂ ਰਿਸ਼ਵਤਖੋਰੀ ਦੇ 129 ਮਾਮਲਿਆਂ ਵਿੱਚ ਕੁੱਲ 172 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 83 ਮੁਲਜ਼ਮ 65 ਟਰੈਪ ਕੇਸਾਂ ਵਿੱਚ ਅਤੇ ਆਨਲਾਈਨ ਸ਼ਿਕਾਇਤਾਂ ਦੇ ਆਧਾਰ ’ਤੇ 64 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਬਿਓਰੋ ਵੱਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਰਿਸ਼ਵਤਖੋਰੀ ਦੇ ਕੇਸ ਦਰਜ ਕਰਨ, ਭ੍ਰਿਸ਼ਟਾਚਾਰ ਵਿੱਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ, ਅਪਰਾਧਿਕ ਕੇਸ ਦਰਜ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਤੋਂ ਇਲਾਵਾ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਵਿਜੀਲੈਂਸ ਜਾਂਚ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਖਿਲਾਫ ਜਾਂਚਾਂ ਦਰਜ ਕਰਨ ਵਿੱਚ ਵੀ ਰਿਕਾਰਡ ਕਾਇਮ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਨੇ ਰਿਸ਼ਵਤਖੋਰੀ ‘ਤੇ ਸ਼ਿਕੰਜਾ ਕੱਸਣ ਅਤੇ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਪੁੱਟਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਬਹੁਪੱਖੀ ਪਹੁੰਚ ਅਪਣਾਈ ਹੈ, ਜਿਸ ਨਾਲ ਇੱਕ ਰੰਗਲਾ ਅਤੇ ਸੁਰੱਖਿਅਤ ਪੰਜਾਬ ਸਿਰਜਣ ਨੂੰ ਅੰਜਾਮ ਦੇਣ ਦੀ ਪੰਜਾਬ ਸਰਾਕਰ ਦੀ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਵਾਲੀ ਵਚਨਬੱਧਤਾ ਨੂੰ ਹੋਰ ਦ੍ਰਿੜ੍ਹਤਾ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਦੂਜੇ ਵਿਭਾਗਾਂ ਤੋਂ ਇਲਾਵਾ 1 ਜਨਵਰੀ, 2022 ਤੋਂ 31 ਦਸੰਬਰ, 2022 ਤੱਕ ਪੰਜਾਬ ਪੁਲਿਸ ਦੇ 30 ਮੁਲਾਜ਼ਮ, ਮਾਲੀਆ ਵਿਭਙਾਗ ਦੇ 13, ਬਿਜਲੀ ਵਿਭਾਗ ਦੇ 5 ਅਤੇ ਲੋਕਲ ਬਾਡੀਜ਼ ਦੇ 4 ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਉਨ੍ਹਾਂ ਦੁਹਰਾਇਆ ਕਿ ਭ੍ਰਿਸ਼ਟਾਚਾਰ ਨੂੰ ਹਰ ਰੂਪ ਵਿਚ ਖ਼ਤਮ ਕਰਨਾ ਅਤੇ ਇਸ ਦੇ ਰਾਜ ਦੀ ਸ਼ਾਸਨ ਪ੍ਰਣਾਲੀ ‘ਤੇ ਮਾੜੇ ਪ੍ਰਭਾਵਾਂ ਨੂੰ ਖਤਮ ਕਰਨਾ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ। ਲੋਕਾਂ ਨੂੰ ਅੱਗੇ ਆਉਣ ਅਤੇ ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਨੇ ਪਿਛਲੇ ਸਾਲ 23 ਮਾਰਚ ਨੂੰ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਸ਼ੁਰੂ ਕੀਤੀ ਸੀ, ਜਿਸ ਦੇ ਹਾਂਪੱਖੀ ਨਤੀਜੇ ਸਾਹਮਣੇ ਆਏ ਹਨ।
ਬਿਓਰੋ ਦੀ ਕਾਰਗੁਜ਼ਾਰੀ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ 371 ਮੁਲਜ਼ਮਾਂ ਵਿਰੁੱਧ 135 ਅਪਰਾਧਿਕ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ 35 ਗਜ਼ਟਿਡ ਅਫਸਰ, 163 ਗੈਰ-ਗਜ਼ਟਿਡ ਅਫਸਰ ਅਤੇ 173 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਪਿਛਲੇ ਸਾਲ 35 ਗਜ਼ਟਿਡ ਅਫਸਰਾਂ, 58 ਨਾਨ-ਗਜ਼ਟਿਡ ਅਫਸਰਾਂ ਅਤੇ 46 ਪ੍ਰਾਈਵੇਟ ਵਿਅਕਤੀਆਂ ਸਮੇਤ 139 ਸ਼ੱਕੀ ਵਿਅਕਤੀਆਂ ਖਿਲਾਫ 103 ਵਿਜੀਲੈਂਸ ਜਾਂਚ ਵੀ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਇਕ ਗਜ਼ਟਿਡ ਅਧਿਕਾਰੀ ਅਤੇ ਇਕ ਗੈਰ-ਗਜ਼ਟਿਡ ਅਧਿਕਾਰੀ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋ ਮਾਮਲੇ ਵੀ ਦਰਜ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ‘ਤੇ ਚੱਲਦਿਆਂ ਵੱਖ-ਵੱਖ ਅਦਾਲਤਾਂ ਵਿੱਚ ਦੋਸ਼ੀ ਠਹਿਰਾਏ ਜਾਣ ਕਾਰਨ ਦੋ ਨਾਨ-ਗਜ਼ਟਿਡ ਅਧਿਕਾਰੀਆਂ ਨੂੰ ਉਨ੍ਹਾਂ ਦੇ ਸਬੰਧਤ ਪ੍ਰਸ਼ਾਸਨਿਕ ਵਿਭਾਗਾਂ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਵਿਜੀਲੈਂਸ ਮੁਖੀ ਨੇ ਅੱਗੇ ਦੱਸਿਆ ਕਿ ਬਿਊਰੋ ਨੇ ਪਿਛਲੇ ਸਾਲ ਦੌਰਾਨ 39 ਵਿਜੀਲੈਂਸ ਪੁੱਛਗਿੱਛਾਂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ, ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਵੱਖ-ਵੱਖ ਤਰੀਕਿਆਂ ਦੀ ਪਛਾਣ ਕਰਨ ਲਈ ਰਾਜ ਦੇ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼/ਸੁਝਾਅ ਵੀ ਜਾਰੀ ਕੀਤੇ ਸਨ।
ਵਰਿੰਦਰ ਕੁਮਾਰ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦਰਜ ਕੀਤੇ ਗਏ 19 ਵੱਖ-ਵੱਖ ਵਿਜੀਲੈਂਸ ਕੇਸਾਂ ਵਿੱਚ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵੱਲੋਂ ਦੋ ਗਜ਼ਟਿਡ ਅਫਸਰਾਂ, 18 ਨਾਨ-ਗਜ਼ਟਿਡ ਅਫਸਰਾਂ ਅਤੇ 10 ਪ੍ਰਾਈਵੇਟ ਵਿਅਕਤੀਆਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਿਸ਼ੇਸ਼ ਅਦਾਲਤਾਂ ਨੇ 5,000 ਰੁਪਏ ਤੋਂ ਲੈ ਕੇ 33,00,000 ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ, ਜਿਸ ਨਾਲ ਕੁੱਲ ਰਕਮ 37,90,000 ਰੁਪਏ ਹੋ ਗਈ।
ਉਨ੍ਹਾਂ ਦੱਸਿਆ ਕਿ ਵਿਜੀਲੈਂਸ ਜਾਗਰੂਕਤਾ ਹਫਤੇ ਦੌਰਾਨ ਵਿਜੀਲੈਂਸ ਵੱਲੋਂ ਵੀ ਸੂਬਾ ਪੱਧਰੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸੈਮੀਨਾਰ ਅਤੇ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਅਤੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੀ ਸਹੁੰ ਵੀ ਚੁਕਾਈ ਗਈ।
ਮੁੱਖ ਮਾਮਲਿਆਂ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਮੁਖੀ ਨੇ ਦੱਸਿਆ ਕਿ ਚਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ, ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਸੰਜੇ ਪੋਪਲੀ ਆਈ.ਏ. ਐੱਸ., ਚੀਫ ਫੋਰੈਸਟਰ ਪ੍ਰਵੀਨ ਕੁਮਾਰ, ਆਈ.ਐੱਫ. ਐੱਸ. ਫੋਰੈਸਟਰ ਵਿਸ਼ਾਲ ਚੌਹਾਨ, ਆਈ.ਐਫ. ਐੱਸ., ਅਤੇ ਅਮਿਤ ਚੌਹਾਨ ਆਈ.ਐੱਫ. ਐੱਸ., ਡੀ.ਐੱਫ. ਓ. ਗੁਰਮਨਪ੍ਰੀਤ ਸਿੰਘ, ਠੇਕੇਦਾਰ ਹਰਮਿੰਦਰ ਸਿੰਘ ਹੰਮੀ, ਏ. ਆਈ.ਜੀ. ਅਸ਼ੀਸ਼ ਕਪੂਰ, ਪੀ.ਪੀ.ਐਸ., ਜਨਰਲ ਮੈਨੇਜਰ ਪਨਸਪ ਨਵੀਨ ਕੁਮਾਰ ਗਰਗ, ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਸ੍ਰੀਮਤੀ ਨਿਰਮਲਾ ਅਤੇ ਪਲਟਨ ਕਮਾਂਡਰ ਅਨਮੋਲ ਮੋਤੀ, ਈ.ਟੀ.ਓ ਸੰਦੀਪ ਸਿੰਘ ਅਤੇ ਠੇਕੇਦਾਰ ਤੇਲੂ ਰਾਮ, ਯਸ਼ਪਾਲ ਅਤੇ ਅਜੈਪਾਲ ਵਿਰੁੱਧ ਸਾਲ ਦੌਰਾਨ ਵੱਖ-ਵੱਖ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬੋਲੇ- ‘ਜੇ ਕਿਸੇ ਦੀ ਗੋਲੀ ਜਾਨ ਲੈ ਸਕਦੀ ਏ ਤਾਂ ਜਾਨ ਲੈਣ ਵਾਲੇ ‘ਤੇ ਗੋਲੀ ਕਿਉਂ ਨਹੀਂ ਚੱਲ ਸਕਦੀ?
ਆਮ ਲੋਕਾਂ ਲਈ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਸਹੂਲਤ ਦੀ ਸਫਲਤਾ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕੁੱਲ 3,72,175 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 6407 ਸ਼ਿਕਾਇਤਾਂ ਆਡੀਓ/ਵੀਡੀਓ ਰਿਕਾਰਡਿੰਗ ਸਮੇਤ ਅਤੇ 294 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਬਾਰੇ ਪ੍ਰਾਪਤ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਈਆਂ ਆਨਲਾਈਨ ਸ਼ਿਕਾਇਤਾਂ ਦੇ ਆਧਾਰ ’ਤੇ 26 ਨਾਗਰਿਕਾਂ, 27 ਪੁਲਿਸ ਮੁਲਾਜ਼ਮਾਂ ਅਤੇ 29 ਸਿਵਲ ਵਿਭਾਗ ਦੇ ਮੁਲਾਜ਼ਮਾਂ ਖ਼ਿਲਾਫ਼ 64 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 89 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵਿਭਾਗਾਂ ਨਾਲ ਸਬੰਧਤ 2970 ਸ਼ਿਕਾਇਤਾਂ ਪਾਈਆਂ ਗਈਆਂ, ਜਿਨ੍ਹਾਂ ਨੂੰ ਸਬੰਧਤ ਵਿਭਾਗਾਂ ਨੂੰ ਭੇਜ ਦਿੱਤਾ ਗਿਆ ਹੈ। ਕੁੱਲ 3143 ਸ਼ਿਕਾਇਤਾਂ ਅਪ੍ਰਸੰਗਿਕ, ਜੰਕ ਪੋਸਟਾਂ ਆਦਿ ਦੀਆਂ ਪਾਈਆਂ ਗਈਆਂ, ਜੋ ਕਿ ਆਮ ਸਨ।
ਵੀਡੀਓ ਲਈ ਕਲਿੱਕ ਕਰੋ -: