Wife strangled to death : ਅਬੋਹਰ : 25 ਸਾਲਾ ਮ੍ਰਿਤਕਾ ਹਰਸਿਮਰਨਜੀਤ ਕੌਰ ਪੱਤਰੀ ਬਚਿੱਤਰ ਸਿੰਘ ਦੀ ਮਾਂ ਗੁਰਮੀਤ ਕੌਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਕਿ ਲਗਭਗ 6 ਸਾਲ ਪਹਿਲਾਂ ਉਸ ਦੀ ਕੁੜੀ ਦਾ ਵਿਆਹ ਪਿੰਡ ਗਦਾਂਡੋਬ ਨਿਵਾਸੀ ਜਸਵੰਤ ਸਿੰਘ ਨਾਲ ਹੋਇਆ ਸੀ। ਇਸ ਤੋਂ ਬਾਅਦ ਉਸਦੇ ਘਰ ਮੁੰਡੇ ਦਾ ਜਨਮ ਹੋਇਆ ਪਰ ਪਿਛਲੇ ਕੁਝ ਦੇਰ ਤੋਂ ਹਰਸਿਮਰਨਜੀਤ ਕੌਰ ਤੇ ਜਸਵੰਤ ਸਿੰਘ ਵਿਚ ਝਗੜਾ ਰਹਿੰਦਾ ਸੀ। ਇਸ ਲਈ ਕਈ ਵਾਰ ਪੰਚਾਇਤਾਂ ਵਿਚ ਵੀ ਇਹ ਮਾਮਲਾ ਚੁੱਕਿਆ ਗਿਆ। ਘਰੇਲੂ ਵਿਵਾਦ ਦੇ ਚੱਲਦਿਆਂ ਜਸਵੰਤ ਸਿੰਘ ਨੇ ਆਪਣੀ ਪਤਨੀ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ।
ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਮੌਕੇ ‘ਤੇ ਪੁੱਜੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਮ੍ਰਿਤਕਾ ਦੀ ਮਾਂ ਦੇ ਬਿਆਨ ‘ਤੇ ਮ੍ਰਿਤਕਾ ਦੇ ਪਤੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ। ਹਰਸਿਮਰਨਜੀਤ ਕੌਰ ਦੀ ਮਾਂ ਨੇ ਦੱਸਿਆ ਕਿ ਲਗਭਗ 12 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਦਾ ਪਤੀ ਹਰਸਿਮਰਨਜੀਤ ਕੌਰ ਨਾਲ ਝਗੜਾ ਕਰ ਰਿਹਾ ਹੈ ਤਾਂ ਜਦੋਂ ਉਹ ਸ਼ਾਮ ਵੇਲੇ ਆਪਣੇ ਪਤਨੀ ਨਾਲ ਧੀ ਘਰ ਪੁੱਜੀ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰ ਰਿਹਾ ਸੀ ਤੇ ਦੇਖਦਿਆਂ ਹੀ ਦੇਖਦਿਆਂ ਉਸ ਨੇ ਗਲਾ ਦਬਾ ਕੇ ਉਸ ਦੀ ਕੁੜੀ ਦੀ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਡੀ. ਐੱਸ. ਪੀ. ਸੰਦੀਪ ਸਿੰਘ ਥਾਣਾ ਸਦਰ ਦੇ ਇੰਚਾਰਜ ਰਣਜੀਤ ਸਿੰਘ ਤੇ ਏ. ਐੱਸ. ਆਈ. ਦਿਆਲ ਚੰਦ ਮੌਕੇ ‘ਤੇ ਪੁੱਜੇ ਅਤੇ ਮ੍ਰਿਤਕਾ ਦੀ ਮਾਂ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਉਨ੍ਹਾਂ ਨੇ ਉਸ ਖਿਲਾਫ 302 ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ। ਝਗੜੇ ਦੇ ਕਾਰਨਾਂ ਦਾ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵਲੋਂ ਜਾਂਚ ਜਾਰੀ ਹੈ। ਦੋਸ਼ੀ ਵਿਅਕਤੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ