Young man from Hoshiarpur : ਸੂਬੇ ਵਿਚ ਕੋਰੋਨਾ ਦੇ ਕੇਸ ਤਾਂ ਦਿਨੋ-ਦਿਨ ਵਧ ਹੀ ਰਹੇ ਹਨ ਨਾਲ ਹੀ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਹੁਸ਼ਿਆਰਪੁਰ ਦੇ ਇਕ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਗਈ। ਨੌਜਵਾਨ ਦੀ ਪਛਾਣ ਹਰਨੇਕ ਸਿੰਘ ਪੁੱਤਰ ਸਾਧੂ ਸਿੰਘ ਨਿਵਾਸੀ ਹਰਖੋਵਾਲ ਵਜੋਂ ਹੋਈ ਹੈ। ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਕੋਰੋਨਾ ਸ਼ੱਕੀ ਹੋਣ ਵਜੋਂ ਦਾਖਲ ਕਰਵਾਇਆ ਗਿਆ ਸੀ ਪਰ ਅੱਜ ਹਾਲਤ ਗੰਭੀਰ ਹੋਣ ਕਾਰਨ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੇ ਸੈਂਪਲ ਰਿਪੋਰਟ ਪਾਜੀਟਿਵ ਆਈ ਹੈ। ਹੁਸ਼ਿਆਰਪੁਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ ਤੇ ਕੋਰੋਨਾ ਪੀੜਤਾਂ ਦਾ ਅੰਕੜਾ 90 ਤਕ ਪਹੁੰਚ ਗਿਆ ਹੈ।
ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤਕ 1203 ਸੈਂਪਲਾਂ ਵਿਚੋਂ 108 ਦੀ ਰਿਪੋਰਟ ਪੈਂਡਿੰਗ ਹੈ। 46 ਲੋਕਾਂ ਦੇ ਸੈਂਪਲ ਲੈਬ ਵਿਚ ਭੇਜੇ ਗਏ ਹਨ। ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ 50 ਪਾਜੀਟਿਵ ਮਰੀਜ਼ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਨੂੰ ਅਹਿਤਿਆਤ ਦੇ ਤੌਰ ’ਤੇ ਕੁਆਰੰਟਾਈਨ ਘਰਾਂ ਵਿਚ ਹੀ ਕੀਤਾ ਗਿਆ ਹੈ ਤੇ ਜਿਹੜੇ ਪਾਜੀਟਿਵ ਪਾਏ ਜਾਂਦੇ ਹਨ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਜਾਵੇ।
ਹੁਣ ਤੱਕ ਸੂਬੇ ਵਿੱਚ 34701 ਸੈਪਲ ਟੈਸਟਾਂ ਲਈ ਭੇਜੇ ਗਏ ਜਿਨ੍ਹਾਂ ਵਿੱਚੋਂ 30577 ਦੀ ਰਿਪੋਰਟ ਆ ਗਈ। 1644 ਸੈਪਲਾਂ ਦੀ ਰਿਪੋਰਟ ਪਾਜ਼ੇਟਿਵ ਅਤੇ 28933 ਕੇਸਾਂ ਦੀ ਰਿਪੋਰਟ ਨੈਗੇਟਿਵ ਆਈ। 4124 ਸੈਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ। ਹੁਣ ਤੱਕ 149 ਮਰੀਜ਼ ਠੀਕ ਹੋ ਗਏ ਜਦੋਂ ਕਿ 28 ਦੀ ਮੌਤ ਹੋਈ ਹੈ। ਪੰਜਾਬ ਵਿਚ ਵੀਰਵਾਰ ਨੂੰ ਵੀ ਕੋਰੋਨਾ ਮਰੀਜਾਂ ਅੰਕੜਾ 100 ਨੂੰ ਪਾਰ ਕਰ ਗਿਆ ਤੇ ਸੂਬੇ ਵਿਚ ਕਲ 132 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ। ਹੁਣ ਪੂਰੇ ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ 1795 ਤਕ ਪਹੁੰਚ ਗਈ ਹੈ। ਵੀਰਵਾਰ ਨੂੰ ਗੁਰਦਾਸਪੁਰ ਵਿਚ 20, ਤਰਨਤਾਰਨ ’ਚ 13, ਜਲੰਧਰ ’ਚ 11, ਅੰਮ੍ਰਿਤਸਰ ’ਚ 8, ਬਰਨਾਲਾ ਤੇ ਫਤ੍ਹਿਗੜ੍ਹ ਸਾਹਿਬ ’ਚ 1-1 ਕੇਸ ਸਾਹਮਣੇ ਆਏ।