Young man on leave in UAE : ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨਾਂ ਦਾ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਸੰਘਰਸ਼ ਜਾਰੀ ਹੈ। ਇਸ ਦੌਰਾਨ ਕਿਸਾਨਾਂ ਨੂੰ ਸਿਆਸੀ ਪਾਰਟੀਆਂ, ਕਲਾਕਾਰਾਂ ਦੇਸ਼ ਤੇ ਵਿਦੇਸ਼ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਯੂਏਈ ਦੀ ਇਕ ਕੰਪਨੀ ਵਿਚ ਕੰਮ ਕਰਨ ਵਾਲੇ ਨੌਜਵਾਨ ਸਤਨਾਮ ਸਿੰਘ ਨੂੰ ਦੋ ਸਾਲਾਂ ਬਾਅਦ ਦੋ ਮਹੀਨੇ ਦੀ ਛੁੱਟੀ ਮਿਲੀ ਹੈ। ਉਹ ਆਪਣੇ ਵਿਆਹ ਲਈ ਭਾਰਤ ਆਇਆ ਸੀ, ਪਰ ਇਥੇ ਆਉਣ ਤੋਂ ਬਾਅਦ ਉਸ ਨੇ ਆਪਣੀ ਯੋਜਨਾ ਬਦਲ ਦਿੱਤੀ। ਸਤਨਾਮ ਨੂੰ 29 ਨਵੰਬਰ ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿਚ ਆਪਣੇ ਘਰ ਪਹੁੰਚਣ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਵੱਡਾ ਭਰਾ ਅਤੇ ਉਸਦੇ ਪਿੰਡ ਦੇ ਕਿਸਾਨ ਸਿੰਘੂ ਸਰਹੱਦ ‘ਤੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
29 ਸਾਲਾ ਸਤਨਾਮ ਆਪਣੇ ਮਾਪਿਆਂ ਨਾਲ ਸਿਰਫ ਦੋ ਦਿਨ ਬਿਤਾਉਣ ਤੋਂ ਬਾਅਦ ਨਵਾਂ ਮੋਟਰਸਾਈਕਲ ਖਰੀਦ ਕੇ ਆਪਣੇ ਇੱਕ ਦੋਸਤ ਨਾਲ ਦਿੱਲੀ-ਹਰਿਆਣਾ ਸਰਹੱਦ (ਸਿੰਘੂ ਸਰਹੱਦ) ਲਈ ਰਵਾਨਾ ਹੋ ਗਿਆ। ਸਤਨਾਮ ਸਿੰਘ, ਜੋ ਇਕ ਆਬੂ ਧਾਬੀ ਕੰਪਨੀ ਵਿਚ ਪਲੰਬਰ ਦਾ ਕੰਮ ਕਰਦਾ ਹੈ, ਦਾ ਕਹਿਣਾ ਹੈ ਕਿ ਵਿਆਹ ਟਾਲਿਆ ਜਾ ਸਕਦਾ ਹੈ। ਨੌਕਰੀ ਵੀ ਟਾਲੀ ਜਾ ਜਾ ਸਕਦੀ ਹੈ। ਸਤਨਾਮ ਦੇ ਮਾਪਿਆਂ ਨੇ ਉਸ ਨੂੰ ਛੁੱਟੀ ਦੇ ਸਮੇਂ ਵਿਆਹ ਕਰਾਉਣ ਲਈ ਕਿਹਾ, ਪਰ ਉਸਨੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ‘ਤੇ ਰੁਕਣ ਨੂੰ ਤਰਜੀਹ ਦਿੱਤੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਵਿਰੋਧ ਦੇ ਸਥਾਨ ‘ਤੇ ਕਿੰਨਾ ਚਿਰ ਰਹਿਣ ਦੀ ਯੋਜਨਾ ਬਣਾ ਰਹੇ ਹਨ, ਤਾਂ ਸਤਨਾਮ ਸਿੰਘ ਨੇ ਕਿਹਾ ਕਿ ਉਹ ਲੜਾਈ ਜਿੱਤਣ ਤੱਕ ਇਥੇ ਰਹੇਗਾ। ਉਸਨੇ ਕਿਹਾ ਕਿ ਆਬੂ ਧਾਬੀ ਵਿੱਚ ਨੌਕਰੀ ਕਰਨ ਤੋਂ ਪਹਿਲਾਂ ਮੈਂ ਇੱਕ ਕਿਸਾਨ ਹਾਂ, ਮੈਨੂੰ ਪਹਿਲਾਂ ਆਪਣੇ ਖੇਤ ਬਚਾਉਣ ਦੀ ਜ਼ਰੂਰਤ ਹੈ।
ਦੱਸਣਯੋਗ ਹੈ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਹਜ਼ਾਰਾਂ ਕਿਸਾਨ ਤਿੰਨ ਹਫਤਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਕਈ ਸਰਹੱਦਾਂ ‘ਤੇ ਡੇਰਾ ਲਗਾ ਰਹੇ ਹਨ, ਉਨ੍ਹਾਂ ਮੰਗ ਕੀਤੀ ਹੈ ਕਿ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਉਹ ਕਾਰਪੋਰੇਟ ਘਰਾਨਿਆਂ ਦੇ ਰਹਿਮੋ-ਕਰਮ ਹੇਠ ਆ ਜਾਣਗੇ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਸੋਧਾਂ ਦੇ ਲਈ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਸਰਕਾਰ ਦੇ ਤਾਜ਼ਾ ਸੋਧਾਂ ਦੇ ਪ੍ਰਸਤਾਵ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਬਿਨਾਂ ਕਿਸੇ ਸ਼ਰਤ ਤੋਂ ਗੱਲਬਾਤ ਦੇ ਟੇਬਲ ’ਤੇ ਆਵੇ, ਅਤੇ ਤਿੰਨੋਂ ਕਾਨੂੰਨਾਂ ਨੂੰ ਵਾਪਿਸ ਲਏ।