Mithun Chakraborty caste vote: ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਆਪਣੀ ਵੋਟ ਪਾਉਣ ਲਈ ਸ਼ਨੀਵਾਰ (1 ਜੂਨ 2024) ਨੂੰ ਕੋਲਕਾਤਾ ਜ਼ਿਲ੍ਹੇ ਦੇ ਬੇਲਗਾਚੀਆ ਦੇ ਪੋਲਿੰਗ ਬੂਥ ‘ਤੇ ਪਹੁੰਚੇ। ਇਸ ਦੌਰਾਨ ਉਹ ਕਤਾਰ ‘ਚ ਖੜ੍ਹੇ ਨਜ਼ਰ ਆਏ ਪਰ ਜਦੋਂ ਉਹ ਵੋਟ ਪਾ ਕੇ ਬਾਹਰ ਆਏ ਤਾਂ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਪੋਲਿੰਗ ਬੂਥ ਤੋਂ ਬਾਹਰ ਆਉਣ ਤੋਂ ਬਾਅਦ ਅਦਾਕਾਰ ਨੇ ਕੁਝ ਵੋਟਰਾਂ ਨਾਲ ਸੈਲਫੀ ਲਈ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਸਥਾਨਕ ਕੌਂਸਲਰ ਦੇਬਿਕਾ ਚੱਕਰਵਰਤੀ ਵੀ ਮੌਜੂਦ ਸਨ। ਦੇਬਿਕਾ ਚੱਕਰਵਰਤੀ ਨੇ ਸ਼ਿਕਾਇਤ ਕੀਤੀ ਕਿ ਮਿਥੁਨ ਚੱਕਰਵਰਤੀ ਕਤਾਰ ਵਿੱਚ ਖੜ੍ਹੇ ਵੋਟਰਾਂ ਨੂੰ ਸੈਲਫੀ ਖਿੱਚ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਪੋਲਿੰਗ ਬੂਥ ਦੇ ਬਾਹਰ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਚੋਰ-ਚੋਰ ਦੇ ਨਾਅਰੇ ਲਾਏ। ਵਿਰੋਧ ਦੌਰਾਨ ਚੱਕਰਵਰਤੀ ਮੁਸਕਰਾਉਂਦੇ ਹੋਏ ਉਥੋਂ ਚਲੇ ਗਏ। ਤ੍ਰਿਣਮੂਲ ਕਾਂਗਰਸ ਦੇ ਕੌਂਸਲਰ ਦੇ ਦੋਸ਼ਾਂ ‘ਤੇ ਅਭਿਨੇਤਾ ਨੇ ਕਿਹਾ, ”ਮੇਰੇ ਕੋਲ ਇਨ੍ਹਾਂ ਗੱਲਾਂ ਬਾਰੇ ਕਹਿਣ ਲਈ ਕੁਝ ਨਹੀਂ ਹੈ। ਕਿਸੇ ਹੋਰ ਵੋਟਰ ਵਾਂਗ ਮੈਂ ਵੀ ਸਵੇਰੇ ਆਪਣੀ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹਾ ਸੀ।
ਉਨ੍ਹਾਂ ਕਿਹਾ ਕਿ ਮੈਂ 30 ਮਈ ਤੱਕ ਆਪਣੀ ਚੋਣ ਮੁਹਿੰਮ ਦੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ। ਹੁਣ ਸਮਾਂ ਆ ਗਿਆ ਹੈ ਕਿ ਸਿਨੇਮਾ ਅਤੇ ਅਦਾਕਾਰੀ ‘ਤੇ ਧਿਆਨ ਦਿੱਤਾ ਜਾਵੇ। ਮਿਥੁਨ ਚੱਕਰਵਰਤੀ ਦੇ ਜਾਣ ਤੋਂ ਬਾਅਦ ਇਲਾਕੇ ‘ਚ ਤਣਾਅ ਘੱਟ ਗਿਆ। ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਪੱਛਮੀ ਬੰਗਾਲ ਦੀਆਂ 9 ਸੀਟਾਂ ਲਈ ਵੋਟਿੰਗ ਹੋ ਰਹੀ ਹੈ । ਇਸ ਦੌਰਾਨ ਸੰਦੇਸ਼ਖੇੜੀ ਅਤੇ ਭੰਗੜ ਸਮੇਤ ਕਈ ਇਲਾਕਿਆਂ ਤੋਂ ਚੋਣ ਹਿੰਸਾ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਰਾਜ ਦੀਆਂ 9 ਲੋਕ ਸਭਾ ਸੀਟਾਂ ਜਿੱਥੇ ਵੋਟਿੰਗ ਹੋ ਰਹੀ ਹੈ, ਕੋਲਕਾਤਾ ਜ਼ਿਲ੍ਹੇ ਵਿੱਚ ਕੋਲਕਾਤਾ-ਦੱਖਣੀ ਅਤੇ ਕੋਲਕਾਤਾ-ਉੱਤਰੀ ਸ਼ਾਮਲ ਹਨ; ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਜਾਦਵਪੁਰ, ਜੈਨਗਰ, ਮਥੁਰਾਪੁਰ ਅਤੇ ਡਾਇਮੰਡ ਹਾਰਬਰ, ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਬਸੀਰਹਾਟ, ਬਾਰਾਸਾਤ ਅਤੇ ਦਮਦਮ ਸ਼ਾਮਲ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .