11th round talk farmers : ਅੱਜ ਕਿਸਾਨ ਅੰਦੋਲਨ ਦਾ 58 ਵਾਂ ਦਿਨ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ। ਇਸ ਦੇ ਵਿਚਕਾਰ ਅੱਜ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਦੁਪਹਿਰ 12 ਵਜੇ ਵਿਗਿਆਨ ਭਵਨ ਵਿੱਚ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਮੰਤਰੀ ਮੇਜ਼ ‘ਤੇ ਹੋਣਗੇ। ਦੋ ਦਿਨ ਪਹਿਲਾਂ ਸਰਕਾਰ ਨੇ ਖੇਤੀਬਾੜੀ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਸੀ, ਪਰ ਕਿਸਾਨਾਂ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਇਸ ਕਾਰਨ ਦੋਵਾਂ ਪਾਸਿਆਂ ਤੋਂ ਫਿਰ ਤਣਾਅ ਵੱਧ ਗਿਆ ਹੈ। ਇਸ ਦੇ ਬਾਵਜੂਦ ਦੋਵੇਂ ਧਿਰਾਂ ਅੱਜ ਫਿਰ 11 ਵੇਂ ਦੌਰ ਦੀ ਗੱਲਬਾਤ ਕਰਨਗੀਆਂ। ਦੂਜੇ ਪਾਸੇ, ਕਿਸਾਨ ਜੱਥੇਬੰਦੀਆਂ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਖੜ੍ਹੀਆਂ ਹਨ।

ਵਿਗਿਆਨ ਭਵਨ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਅਤੇ ਰਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਮੰਗ ਪਹਿਲੇ ਦਿਨ ਤੋਂ ਸਪਸ਼ਟ ਹੈ ਕਿ ਤਿੰਨੋਂ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਝੁੱਕ ਰਹੀ ਹੈ, ਯਾਨੀ ਗੱਲਬਾਤ ਅਸਲ ਵਿੱਚ ਹੁਣ ਸ਼ੁਰੂ ਹੋਈ ਹੈ। ਆਗੂਆਂ ਨੇ ਕਿਹਾ, ਅਸੀਂ ਕੱਲ੍ਹ ਮੀਟਿੰਗ ਵਿੱਚ 26 ਜਨਵਰੀ ਦੇ ਟਰੈਕਟਰ ਮਾਰਚ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ ਅਤੇ ਅਸੀਂ ਇਸ ਤੋਂ ਪਿੱਛੇ ਨਹੀਂ ਹੱਟਾਗੇ। ਉਨ੍ਹਾਂ ਕਿਹਾ, “ਜੇਕਰ ਸਰਕਾਰ ਸਾਡੇ ਟਰੈਕਟਰ ਮਾਰਚ ਨੂੰ ਟਾਲਣਾ ਚਾਹੁੰਦੀ ਹੈ, ਤਾਂ ਕਾਨੂੰਨਾਂ ਨੂੰ ਰੱਦ ਕਰੋ।”
ਇਹ ਵੀ ਦੇਖੋ : 26 ਜਨਵਰੀ ਨੂੰ ਹੋਣ ਜਾਣ ਰਹੀ ਟਰੈਕਟਰ ਰੈਲੀ ਦਾ ਕਿਸਾਨਾਂ ਨੇ ਦਿਖਾਇਆ ਟ੍ਰੇਲਰ






















