18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋਵੇਗਾ, ਜਿਸ ਦੌਰਾਨ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਤੋਂ ਬਾਅਦ 26 ਜੂਨ ਨੂੰ ਸਪੀਕਰ ਦੀ ਚੋਣ ਹੋਵੇਗੀ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ 27 ਜੂਨ ਨੂੰ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਸੱਤ ਵਾਰ ਸੰਸਦ ਮੈਂਬਰ ਰਹੇ ਭਰਤਹਰੀ ਮਹਿਤਾਬ ਨੂੰ ਸੰਸਦ ਦੇ ਹੇਠਲੇ ਸਦਨ ਦਾ ਪ੍ਰੋਟੇਮ ਸਪੀਕਰ ਨਿਯੁਕਤ ਕੀਤਾ ਜਾਵੇਗਾ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਮਹਿਤਾਬ ਇਸ ਅਹੁਦੇ ਲਈ ਢੁਕਵੇਂ ਉਮੀਦਵਾਰ ਹਨ ਕਿਉਂਕਿ ਉਹ ਲਗਾਤਾਰ ਸੱਤ ਵਾਰ ਲੋਕ ਸਭਾ ਮੈਂਬਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਰੇਸ਼ 1998 ਅਤੇ 2004 ’ਚ ਚੋਣਾਂ ਹਾਰ ਗਏ ਸਨ ਅਤੇ ਉਨ੍ਹਾਂ ਦਾ ਮੌਜੂਦਾ ਕਾਰਜਕਾਲ ਹੇਠਲੇ ਸਦਨ ’ਚ ਉਨ੍ਹਾਂ ਦਾ ਲਗਾਤਾਰ ਚੌਥਾ ਕਾਰਜਕਾਲ ਹੈ। ਇਸ ਤੋਂ ਪਹਿਲਾਂ ਉਹ 1989, 1991, 1996 ਅਤੇ 1999 ’ਚ ਲੋਕ ਸਭਾ ਲਈ ਚੁਣੇ ਗਏ ਸਨ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੋਮਵਾਰ ਨੂੰ ਰਾਸ਼ਟਰਪਤੀ ਭਵਨ ’ਚ ਮਹਿਤਾਬ ਨੂੰ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਸਹੁੰ ਚੁਕਾਉਣਗੇ। ਮਹਿਤਾਬ ਫਿਰ ਸੰਸਦ ਭਵਨ ਜਾਣਗੇ ਅਤੇ ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨਗੇ। ਕਾਰਵਾਈ ਦੀ ਸ਼ੁਰੂਆਤ ’ਚ ਕੁੱਝ ਪਲਾਂ ਲਈ ਚੁੱਪੀ ਧਾਰੀ ਜਾਵੇਗੀ। ਇਸ ਤੋਂ ਬਾਅਦ ਲੋਕ ਸਭਾ ਦੇ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਚੁਣੇ ਹੋਏ ਮੈਂਬਰਾਂ ਦੀ ਸੂਚੀ ਹੇਠਲੇ ਸਦਨ ਨੂੰ ਸੌਂਪਣਗੇ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ Elante Mall ‘ਚ ਵੱਡਾ ਹਾ.ਦਸਾ, Toy ਟ੍ਰੇਨ ਤੋਂ ਡਿੱ/ਗ ਕੇ ਬੱਚੇ ਦੀ ਹੋਈ ਮੌ.ਤ
ਇਸ ਤੋਂ ਬਾਅਦ ਮਹਿਤਾਬ ਲੋਕ ਸਭਾ ਦੇ ਨੇਤਾ ਨੂੰ ਬੇਨਤੀ ਕਰਨਗੇ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕਣ ਦੀ ਅਪੀਲ ਕਰਨ। ਇਸ ਤੋਂ ਬਾਅਦ ਪ੍ਰੋਟੇਮ ਸਪੀਕਰ ਰਾਸ਼ਟਰਪਤੀ ਵਲੋਂ ਨਿਯੁਕਤ ਚੇਅਰਪਰਸਨਾਂ ਦੀ ਕਮੇਟੀ ਨੂੰ ਸਹੁੰ ਚੁਕਾਉਣਗੇ ਜੋ 26 ਜੂਨ ਨੂੰ ਸਪੀਕਰ ਦੀ ਚੋਣ ਹੋਣ ਤਕ ਸਦਨ ਦੀ ਕਾਰਵਾਈ ਚਲਾਉਣ ਵਿਚ ਉਨ੍ਹਾਂ ਦੀ ਮਦਦ ਕਰੇਗੀ।
ਚੇਅਰਪਰਸਨਾਂ ਦੀ ਕਮੇਟੀ ਤੋਂ ਬਾਅਦ ਪ੍ਰੋਟੇਮ ਸਪੀਕਰ ਕੈਬਨਿਟ ਦੇ ਮੈਂਬਰਾਂ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁਕਾਉਣਗੇ। ਮੈਂਬਰ ਅਗਲੇ ਦੋ ਦਿਨਾਂ ’ਚ ਅਪਣੇ ਸ਼ੁਰੂਆਤੀ ਸ਼ਬਦਾਂ ਦੀ ਲੜੀ ’ਚ ਸਹੁੰ ਚੁੱਕਣਗੇ। ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੋਣ ਬੁਧਵਾਰ ਨੂੰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: