19 patients die in Tamil Nadu Karnataka: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਰੋਨਾ ਤਬਾਹੀ ਮਚਾ ਰਿਹਾ ਹੈ ਅਤੇ ਆਕਸੀਜਨ ਦੀ ਘਾਟ ਕਾਰਨ ਕਈ ਬੁਰੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਮੰਗਲਵਾਰ ਰਾਤ ਨੂੰ ਤਾਮਿਲਨਾਡੂ ਦੇ ਚੇਂਗਲਪੱਟੂ ਵਿੱਚ ਇੱਕ ਹਸਪਤਾਲ ਵਿੱਚ ਲਗਭਗ 10 ਮਰੀਜ਼ਾਂ ਦੀ ਮੌਤ ਹੋ ਗਈ । ਪਰਿਵਾਰ ਦਾ ਦੋਸ਼ ਹੈ ਕਿ ਇਹ ਸਾਰੀਆਂ ਮੌਤਾਂ ਆਕਸੀਜਨ ਦੀ ਘਾਟ ਕਾਰਨ ਹੋਈਆਂ ਹਨ । ਚੇਂਗਲਪੱਟੂ ਤਾਮਿਲਨਾਡੂ ਵਿੱਚ ਚੇੱਨਈ ਦੇ ਨੇੜੇ ਦਾ ਹੀ ਇੱਕ ਜ਼ਿਲ੍ਹਾ ਹੈ, ਜਿੱਥੇ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਹਰ ਰੋਜ਼ ਲਗਭਗ 1500 ਦੇ ਕਰੀਬ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ।
ਦਰਅਸਲ, ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਇੱਥੇ ਲਗਭਗ 500 ਕੋਵਿਡ ਮਰੀਜ਼ ਦਾਖਲ ਹਨ, ਅਜਿਹੇ ਵਿੱਚ ਆਕਸੀਜਨ ਦੀ ਮੰਗ ਵੀ ਵੱਧਣੀ ਸ਼ੁਰੂ ਹੋ ਗਈ ਹੈ । ਮੰਗਲਵਾਰ ਨੂੰ ਚਾਰ ਘੰਟਿਆਂ ਦੇ ਅੰਦਰ ਕੋਵਿਡ ਦੇ 10 ਮਰੀਜ਼ਾਂ ਨੇ ਆਪਣੀ ਜਾਨ ਗੁਆ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਨੇ ਆਕਸੀਜਨ ਦੀ ਘਾਟ ਦਾ ਦੋਸ਼ ਲਾਇਆ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਜ਼ਿਲ੍ਹੇ ਦੇ ਅਧਿਕਾਰੀ ਵੀ ਹਸਪਤਾਲ ਪਹੁੰਚ ਗਏ। ਇਸ ਮਾਮਲੇ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਕਿਵੇਂ ਹੋਈ ਹੈ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿੱਚ ਇਹ ਪਤਾ ਲਗਾਇਆ ਜਾਵੇਗਾ ਕਿ ਕੋਵਿਡ ਦੇ ਕਾਰਨ ਕਿੰਨੇ ਮਰੀਜ਼ਾਂ ਦੀ ਮੌਤ ਹੋਈ ਹੈ। ਹਾਲਾਂਕਿ, ਆਕਸੀਜਨ ਦੀ ਘਾਟ ਤੋਂ ਇਨਕਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਤਾਮਿਲਨਾਡੂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿੱਚ ਵੀ ਆਕਸੀਜਨ ਦੀ ਘਾਟ ਕਾਰਨ ਹਾਦਸਾ ਹੋਇਆ ਹੈ। ਇੱਥੇ ਅਨੰਤਪੁਰ ਦੇ ਇੱਕ ਹਸਪਤਾਲ ਵਿੱਚ ਚਾਰ ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਜਿਸ ਤੋਂ ਬਾਅਦ ਆਕਸੀਜਨ ਦੀ ਘਾਟ ਦਾ ਮਾਮਲਾ ਸਾਹਮਣੇ ਆਇਆ ਹੈ । ਸੋਮਵਾਰ ਦੀ ਰਾਤ ਨੂੰ ਇੱਥੋਂ ਦੇ ਕੈਂਸਰ ਹਸਪਤਾਲ ਵਿੱਚ ਅਚਾਨਕ ਆਕਸੀਜਨ ਦੀ ਘਾਟ ਹੋ ਗਈ, ਜਿਸ ਕਾਰਨ ਚਾਰ ਮਰੀਜ਼ਾਂ ਦੀ ਮੌਤ ਹੋ ਗਈ । ਅਨੰਤਪੁਰ ਵਿੱਚ ਇੱਕ ਹਫਤੇ ਵਿੱਚ ਇਹ ਤੀਜੀ ਘਟਨਾ ਹੈ, ਜਦੋਂ ਆਕਸੀਜਨ ਦੀ ਘਾਟ ਮੌਤ ਦਾ ਕਾਰਨ ਬਣ ਗਈ ਹੈ ।
ਇਸ ਤੋਂ ਇਲਾਵਾ ਕਰਨਾਟਕ ਦੇ ਹੁਬਲੀ ਵਿੱਚ ਵੀ ਮੰਗਲਵਾਰ ਨੂੰ ਆਕਸੀਜਨ ਦੀ ਘਾਟ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇੱਥੋਂ ਦੇ ਇੱਕ ਹਸਪਤਾਲ ਵਿੱਚ ਪੰਜ ਕੋਵਿਡ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਦੋ ਔਰਤਾਂ ਸਨ । ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਆਕਸੀਜਨ ਦੀ ਘਾਟ ਕਾਰਨ ਜਾਨ ਚਲੀ ਗਈ ਹੈ, ਜਦਕਿ ਜ਼ਿਲ੍ਹੇ ਦੇ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਆਕਸੀਜਨ ਦੀ ਸਪਲਾਈ ਸਹੀ ਤਰੀਕੇ ਨਾਲ ਚੱਲ ਰਹੀ ਹੈ ।