3 BJP workers killed: ਕੁਲਗਾਮ: ਜੰਮੂ ਕਸ਼ਮੀਰ ਦੇ ਕੁਲਗਾਮ ਦੇ ਇੱਕ ਪਿੰਡ ਵਿੱਚ ਅੱਤਵਾਦੀਆਂ ਵੱਲੋਂ ਤਿੰਨ ਭਾਜਪਾ ਵਰਕਰਾਂ ਦੀ ਹੱਤਿਆ ਕਰ ਦਿੱਤੀ ਗਈ ਹੈ । ਇਹ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ । ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁਲਗਾਮ ਪੁਲਿਸ ਨੂੰ ਵਾਈਕੇ ਪੋਰਾ ਪਿੰਡ ਵਿੱਚ ਇੱਕ ਅੱਤਵਾਦੀ ਘਟਨਾ ਦੀ ਜਾਣਕਾਰੀ ਮਿਲੀ ਹੈ, ਜਿੱਥੇ ਅੱਤਵਾਦੀਆਂ ਨੇ ਤਿੰਨ ਭਾਜਪਾ ਵਰਕਰਾਂ ‘ਤੇ ਗੋਲੀਆਂ ਚਲਾਈਆਂ । ਹਮਲੇ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ । ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਪੁਲਿਸ ਨੇ ਕਿਹਾ, “ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਅੱਤਵਾਦੀਆਂ ਨੇ ਤਿੰਨ ਭਾਜਪਾ ਵਰਕਰਾਂ ‘ਤੇ ਗੋਲੀਆਂ ਚਲਾਈਆਂ, ਜਿਨ੍ਹਾਂ ਦੀ ਪਛਾਣ ਭਾਜਪਾ ਜ਼ਿਲ੍ਹਾ ਯੂਥ ਜਨਰਲ ਸੱਕਤਰ ਫਿਦਾ ਹੁਸੈਨ ਯਾਤੂ, ਕਾਰਕੁਨਾਂ ਉਮਰ ਰਸ਼ੀਦ ਅਤੇ ਉਮਰ ਰਮਜ਼ਾਨ ਹਾਜ਼ਮ ਨਾਲ ਹੋਈ, ਜੋ ਵਾਈਕੇ ਪੁਰਾ ਦੇ ਵਸਨੀਕ ਸਨ ।”
ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, “ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਭਿਆਨਕ ਖ਼ਬਰ ਮਿਲੀ । ਮੈਂ ਅੱਤਵਾਦੀ ਹਮਲੇ ਵਿੱਚ 3 ਭਾਜਪਾ ਵਰਕਰਾਂ ਦੇ ਨਿਸ਼ਾਨਾ ਸਾਧਣ ਦੀ ਨਿੰਦਾ ਕਰਦਾ ਹਾਂ । ਅੱਲ੍ਹਾ ਉਨ੍ਹਾਂ ਨੂੰ ਜੰਨਤ ਵਿੱਚ ਜਗ੍ਹਾ ਦੇਵੇ ਅਤੇ ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਮਿਲੇ ।”
ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਵੀ ਇਸ ਘਟਨਾ ‘ਤੇ ਟਵੀਟ ਕਰਕੇ ਲਿਖਿਆ,‘’ਕੁਲਗਮ ਵਿੱਚ ਤਿੰਨ ਭਾਜਪਾ ਵਰਕਰਾਂ ਦੀ ਹੱਤਿਆ ਬਾਰੇ ਸੁਣ ਕੇ ਬੜਾ ਦੁੱਖ ਹੋਇਆ । ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦਿਲਾਸਾ ਦਿੱਤਾ । ਆਖਰਕਾਰ, ਭਾਰਤ ਸਰਕਾਰ ਦੀਆਂ ਬੀਮਾਰ ਨੀਤੀਆਂ ਕਾਰਨ ਜੰਮੂ-ਕਸ਼ਮੀਰ ਦੇ ਲੋਕ ਆਪਣੀ ਜਾਨ ਗਵਾ ਬੈਠੇ।”