5 friends giving new life: ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਇਨਫੈਕਸ਼ਨ ਕਾਰਨ ਨਾ ਸਿਰਫ ਹਸਪਤਾਲਾਂ ਵਿੱਚ ਬੈੱਡ ਅਤੇ ਆਕਸੀਜਨ ਹੀ ਨਹੀਂ ਬਲਕਿ ਦਵਾਈਆਂ ਅਤੇ ਟੀਕਿਆਂ ਲਈ ਵੀ ਮਰੀਜ਼ਾਂ ਦੇ ਪਰਿਵਾਰਾਂ ਨੂੰ ਭਟਕਣਾ ਪੈ ਰਿਹਾ ਹੈ । ਇਸ ਸਥਿਤੀਆਂ ਵਿੱਚ ਕੋਟਾ ਸ਼ਹਿਰ ਦੇ 5 ਨੌਜਵਾਨਾਂ ਨੇ ਮਰੀਜ਼ਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਪਹਿਲ ਕੀਤੀ ਅਤੇ ਆਪਣੀਆਂ ਲਗਜ਼ਰੀ ਕਾਰਾਂ ਨੂੰ ਐਮਰਜੈਂਸੀ ਹਸਪਤਾਲ ਬਣਾ ਦਿੱਤਾ। ਇਨ੍ਹਾਂ ਕਾਰਾਂ ਵਿੱਚ ਇਹ ਨੌਜਵਾਨ ਨਾ ਸਿਰਫ ਬੈੱਡ ਬਲਕਿ ਮੁਫ਼ਤ ਆਕਸੀਜਨ ਦੇ ਕੇ ਮਰੀਜ਼ਾਂ ਦੀ ਜਾਨ ਬਚਾ ਕੇ ਮਨੁੱਖਤਾ ਦੀ ਮਿਸਾਲ ਕਾਇਮ ਕਰ ਰਹੇ ਹਨ । ਦਰਅਸਲ, ਮੌਜ-ਮਸਤੀ ਤੇ ਘੁੰਮਣ ਲਈ ਵਰਤੀਆਂ ਜਾਣ ਵਾਲੀਆਂ ਇਹ ਲਗਜ਼ਰੀ ਕਾਰਾਂ ਹੁਣ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਰਦਾਨ ਸਿੱਧ ਹੋ ਰਹੀਆਂ ਹਨ। ਮੰਗਲਵਾਰ ਨੂੰ ਵੀ ਇਨ੍ਹਾਂ ਲਗਜ਼ਰੀ ਕਾਰਾਂ ਵਿੱਚ 4 ਮਰੀਜ਼ਾਂ ਨੂੰ ਆਕਸੀਜਨ ਲਗਾਈ ਗਈ ।ਉੱਥੇ ਹੀ 2 ਮਰੀਜ਼ਾਂ ਦੇ ਘਰਾਂ ਵਿੱਚ ਆਕਸੀਜਨ ਸਿਲੰਡਰ ਪਹੁੰਚਾਏ ਗਏ। 5 ਨੌਜਵਾਨ ਦੋਸਤਾਂ ਦੀ ਇਹ ਪਹਿਲ ਦੂਜਿਆਂ ਨੂੰ ਕੋਰੋਨਾ ਦੇ ਸੰਕਟ ਵਿੱਚ ਫਸੇ ਲੋਕਾਂ ਦੀ ਜਾਨ ਬਚਾਉਣ ਲਈ ਵੀ ਪ੍ਰੇਰਿਤ ਕਰ ਰਹੀ ਹੈ।
ਦਰਅਸਲ, 44 ਸਾਲਾ ਚੰਦਰੇਸ਼ ਵਾਸੀ ਵਿਗਿਆਨਗਰ ਦਾ ਆਰੀਆ ਸਮਾਜ ਰੋਡ ‘ਤੇ ਗੱਡੀਆਂ ਦਾ ਸਰਵਿਸ ਕੇਂਦਰ ਹੈ। ਕੋਰੋਨਾ ਦੀ ਦੂਜੀ ਲਹਿਰ ਵਿੱਚ ਕੋਟਾ ਵਿੱਚ ਵਿਗੜਦੀ ਸਥਿਤੀ ਵਿੱਚ ਜਦੋਂ ਮਰੀਜ਼ਾਂ ਨੂੰ ਬੈੱਡ ਅਤੇ ਆਕਸੀਜਨ ਲਈ ਭਟਕਦੇ ਦੇਖਿਆ ਤਾਂ ਉਸਦੇ ਮਨ ਵਿੱਚ ਉਨ੍ਹਾਂ ਦੀ ਮਦਦ ਕਰਨ ਦਾ ਵਿਚਾਰ ਆਇਆ। ਚੰਦਰੇਸ਼ ਨੇ ਸਾਈ ਮਿੱਤਰ ਮੰਡਲ ਦੇ 4 ਦੋਸਤਾਂ ਆਸ਼ੀਸ਼ ਸਿੰਘ, ਭਰਤ, ਰਵੀ ਕੁਮਾਰ ਅਤੇ ਆਸ਼ੂ ਕੁਮਾਰ ਨੂੰ ਨਾਲ ਲਿਆ। ਜਿਸ ਤੋਂ ਬਾਅਦ ਇਨ੍ਹਾਂ ਪੰਜਾਂ ਨੇ ਮਿਲ ਕੇ ਵਿਗਿਆਨ ਨਗਰ ਦੇ ਸਾਈ ਚੌਕ ਵਿੱਚ 3 ਲਗਜ਼ਰੀ ਕਾਰਾਂ ਵਿੱਚ ਇੱਕ ਐਮਰਜੈਂਸੀ ਹਸਪਤਾਲ ਬਣਾ ਦਿੱਤਾ । ਇਕ ਕਾਰ ਵਿਚ ਤਿੰਨ ਮਰੀਜ਼ਾਂ ਨੂੰ ਆਕਸੀਜਨ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਗਿਆ। ਐਂਬੂਲੈਂਸਾਂ ਦੀ ਤਰ੍ਹਾਂ ਇਨ੍ਹਾਂ ਕਾਰਾਂ ਵਿੱਚ ਆਮ ਬੈੱਡ ਤੋਂ ਇਲਾਵਾ ਆਕਸੀਜਨ ਸਿਲੰਡਰ ਵੀ ਉਪਲਬਧ ਕਰਵਾਏ ਜਾ ਰਹੇ ਹਨ।
ਇਹ ਸਾਰੇ ਦੋਸਤ ਇਲਾਕੇ ਵਿੱਚ ਮੈਡੀਕਲ ਵਿਭਾਗ ਦੀਆਂ ਟੀਮਾਂ ਦੀ ਤਰ੍ਹਾਂ ਘਰ-ਘਰ ਜਾ ਕੇ ਗੰਭੀਰ ਮਰੀਜ਼ਾਂ ਦੀ ਪਛਾਣ ਕਰ ਰਹੇ ਹਨ। ਅਜਿਹੇ ਮਰੀਜ਼ ਜਿਨ੍ਹਾਂ ਨੂੰ ਹਸਪਤਾਲ ਵਿੱਚ ਬੈੱਡ ਅਤੇ ਆਕਸੀਜਨ ਨਹੀਂ ਮਿਲ ਰਹੀ ਹੈ ਉਨ੍ਹਾਂ ਨੂੰ ਕਾਰ ਵਿੱਚ ਹੀ ਆਕਸੀਜਨ ਦਿੱਤੀ ਜਾ ਰਹੀ ਹੈ। ਜਦੋਂ ਤੱਕ ਦੂਜਾ ਇੰਤਜ਼ਾਮ ਨਹੀਂ ਹੁੰਦਾ ਜਾਂ ਮਰੀਜ਼ ਦੀ ਸਥਿਤੀ ਠੀਕ ਨਹੀਂ ਹੋ ਜਾਂਦੀ, ਉਸ ਨੂੰ ਕਾਰ ਐਂਬੂਲੈਂਸ ਵਿੱਚ ਰੱਖਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਇਹ ਐਂਬੂਲੈਂਸਾਂ ਮਰੀਜ਼ ਨੂੰ ਹਸਪਤਾਲ ਅਤੇ ਡਾਕਟਰ ਦੇ ਘਰ ਤੱਕ ਵੀ ਪਹੁੰਚਾ ਰਹੀਆਂ ਹਨ।