ਬਿਹਾਰ ਦੇ ਜਹਾਨਾਬਾਦ ‘ਚ ਸਥਿਤ ਬਾਬਾ ਸਿੱਧੇਸ਼ਵਰ ਨਾਥ ਦੇ ਮੰਦਰ ‘ਚ ਅਚਾਨਕ ਮਚੀ ਭਗਦੜ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਜਦੋਂ ਕਿ ਇਸ ਹਾਦਸੇ ਵਿੱਚ 35 ਸ਼ਰਧਾਲੂ ਜ਼ਖ਼ਮੀ ਹੋ ਗਏ ਹਨ। ਸਾਵਣ ਦਾ ਚੌਥਾ ਸੋਮਵਾਰ ਹੋਣ ਕਾਰਨ ਸੋਮਵਾਰ ਦੇਰ ਰਾਤ ਤੋਂ ਹੀ ਸਿੱਧੇਸ਼ਵਰ ਨਾਥ ਮੰਦਰ ਵਿੱਚ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਇਹ ਘਟਨਾ ਸੋਮਵਾਰ ਤੜਕੇ ਸਵੇਰੇ 1 ਵਜੇ ਦੇ ਕਰੀਬ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਮੰਦਰ ‘ਚ ਦਰਸ਼ਨ ਨੂੰ ਲੈ ਕੇ ਕੁਝ ਸ਼ਰਧਾਲੂਆਂ ‘ਚ ਝਗੜਾ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਗਿਆ। ਇਸ ਤੋਂ ਬਾਅਦ ਮੰਦਰ ‘ਚ ਅਚਾਨਕ ਭਗਦੜ ਮਚ ਗਈ।
ਜਹਾਨਾਬਾਦ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਦਿਵਾਕਰ ਕੁਮਾਰ ਵਿਸ਼ਵਕਰਮਾ ਨੇ ਦੱਸਿਆ, “ਮੰਦਰ ਵਿੱਚ ਭਗਦੜ ਕਾਰਨ ਕੁਝ ਲੋਕ ਦੱਬ ਗਏ, ਜਿਨ੍ਹਾਂ ਵਿੱਚੋਂ 7 ਲੋਕਾਂ ਦੀ ਮੌਤ ਹੋ ਗਈ। ਜਦਕਿ 35 ਲੋਕ ਜ਼ਖਮੀ ਹੋ ਗਏ। ਜੇਡੀਯੂ ਦੇ ਜ਼ਿਲ੍ਹਾ ਪ੍ਰਧਾਨ ਦਿਲੀਪ ਕੁਸ਼ਵਾਹਾ ਨੇ ਸ਼ਰਧਾਲੂਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ”ਮੰਦਰ ‘ਚ ਦੰਗਾ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਪਤਾ ਲੱਗਾ ਕਿ ਕਰੀਬ 7 ਲੋਕਾਂ ਦੀ ਮੌਤ ਹੋ ਚੁੱਕੀ ਸੀ। ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।”
ਚਸ਼ਮਦੀਦਾਂ ਨੇ ਦੱਸਿਆ ਕਿ ਐਤਵਾਰ ਰਾਤ ਤੋਂ ਹੀ ਮੰਦਰ ‘ਚ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ ਅਤੇ ਇਸ ਤੋਂ ਬਾਅਦ ਸੋਮਵਾਰ ਤੜਕੇ ਹੀ ਭਗਦੜ ਮੱਚ ਗਈ। ਫਿਲਹਾਲ ਪੁਲਸ ਨੇ ਸਾਰੀਆਂ 7 ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ ਖੋਲ੍ਹਣ ਦੇ ਮਾਮਲੇ ‘ਚ ਸੁਣਵਾਈ ਅੱਜ, ਕਮੇਟੀ ਬਣਾਉਣ ਲਈ SC ‘ਚ ਰੱਖੇ ਜਾਣਗੇ ਨਾਂਅ
ਜ਼ਖਮੀਆਂ ਦਾ ਸਥਾਨਕ ਮਖਦੂਮਪੁਰ ਅਤੇ ਸਦਰ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਇਕ ਵਿਅਕਤੀ ਨੇ ਦੱਸਿਆ ਕਿ ਭਗਦੜ ਵਿਚ ਉਸ ਦੀ ਇਕ ਔਰਤ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਉੱਥੇ ਮੌਜੂਦ ਲੋਕਾਂ ਨੇ ਮੈਨੂੰ ਦੱਸਿਆ ਕਿ ਪ੍ਰਸ਼ਾਸਨ ਨੇ ਸੁਰੱਖਿਆ ਲਈ ਨੈਸ਼ਨਲ ਕੈਡੇਟ ਕੋਰ ਦੇ ਲੋਕਾਂ ਨੂੰ ਤਾਇਨਾਤ ਕੀਤਾ ਸੀ ਅਤੇ ਉਨ੍ਹਾਂ ਨੇ ਸ਼ਰਧਾਲੂਆਂ ‘ਤੇ ਲਾਠੀਆਂ ਦੀ ਵਰਤੋਂ ਕੀਤੀ। ਜਿਸ ਕਾਰਨ ਲੋਕ ਭੱਜਣ ਲੱਗੇ ਅਤੇ ਕੁਝ ਲੋਕ ਡਿੱਗ ਪਏ। ਇਹ ਪੂਰੀ ਤਰ੍ਹਾਂ ਪ੍ਰਸ਼ਾਸਨ ਦੀ ਗਲਤੀ ਹੈ।
ਜਦਕਿ ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਮੰਦਰ ਨੇੜੇ ਫੁੱਲ ਵੇਚ ਰਹੇ ਇਕ ਮਾਲੀ ਨਾਲ ਲੜਾਈ ਹੋ ਗਈ। ਜਿਸ ਤੋਂ ਬਾਅਦ ਲਾਠੀਚਾਰਜ ਕੀਤਾ ਗਿਆ ਅਤੇ ਭਗਦੜ ਮੱਚ ਗਈ। ਭਗਦੜ ਵਿਚ 50 ਤੋਂ 60 ਲੋਕ ਜ਼ਖਮੀ ਹੋ ਗਏ ਜਦਕਿ 7 ਦੀ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ ਮੌਕੇ ’ਤੇ ਪ੍ਰਸ਼ਾਸਨ ਦੀ ਕੋਈ ਟੀਮ ਨਹੀਂ ਸੀ। ਇਹ ਘਟਨਾ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰੀ ਹੈ।
ਵੀਡੀਓ ਲਈ ਕਲਿੱਕ ਕਰੋ -: