ਰਾਸ਼ਟਰੀ ਬਾਲ ਅਧਿਕਾਰ ਲਈ ਸੁਰੱਖਿਆ ਕਮਿਸ਼ਨ (NCPCR) ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਜਾਂ ਵੱਲੋਂ 29 ਮਈ ਤੱਕ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ 9326 ਅਜਿਹੇ ਬੱਚੇ ਹਨ ਜੋ ਕੋਰੋਨਾ ਮਹਾਂਮਾਰੀ ਕਾਰਨ ਬੇਸਹਾਰਾ ਅਤੇ ਅਨਾਥ ਹੋ ਗਏ ਹਨ ਜਾਂ ਫਿਰ ਆਪਣੇ ਮਾਂ-ਪਿਓ ਵਿੱਚੋਂ ਕਿਸੇ ਇੱਕ ਨੂੰ ਗੁਆ ਦਿੱਤਾ ਹੈ।
ਜਸਟਿਸ ਐਲ ਐਨ ਰਾਓ ਅਤੇ ਅਨੀਰੁੱਧ ਬੋਸ ਦੇ ਬੈਂਚ ਅੱਗੇ ਰੱਖੇ ਗਏ ਇੱਕ ਵੱਖਰੇ ਨੋਟ ਵਿੱਚ ਮਹਾਰਾਸ਼ਟਰ ਸਰਕਾਰ ਨੇ ਕਿਹਾ ਕਿ 30 ਮਈ ਤੱਕ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ 4,451 ਬੱਚਿਆਂ ਨੇ ਆਪਣੇ ਮਾਂ-ਪਿਓ ਵਿੱਚੋਂ ਕਿਸੇ ਇੱਕ ਨੂੰ ਗੁਆ ਦਿੱਤਾ ਹੈ ਅਤੇ 141 ਅਜਿਹੇ ਬੱਚੇ ਹਨ ਜਿਨ੍ਹਾਂ ਦੇ ਮਾਂ-ਪਿਓ ਦੋਹਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਪਿਆਰ ਦੇ ਚੱਕਰ ‘ਚ ਪਾਕਿਸਤਾਨ ਦੀ ਜੇਲ੍ਹ ਪਹੁੰਚਿਆ ਭਾਰਤੀ ਹੋਇਆ ਚਾਰ ਸਾਲਾਂ ਬਾਅਦ ਰਿਹਾ
NCPCR ਨੇ ਐਡਵੋਕੇਟ ਸਵਰੂਪਮਾ ਚਤੁਰਵੇਦੀ ਰਾਹੀਂ ਦਾਇਰ ਇੱਕ ਹਲਫਨਾਮੇ ਵਿੱਚ ਕਿਹਾ ਕਿ ਅਜਿਹੇ ਸਭ ਤੋਂ ਵੱਧ 2110 ਬੱਚੇ ਉੱਤਰ ਪ੍ਰਦੇਸ਼ ਵਿੱਚ ਹਨ। ਇਸਦੇ ਨਾਲ ਹੀ ਬਿਹਾਰ ਵਿੱਚ 1327, ਕੇਰਲਾ ਵਿੱਚ 952 ਅਤੇ ਮੱਧ ਪ੍ਰਦੇਸ਼ ਵਿੱਚ 712 ਬੱਚੇ ਕੋਰੋਨਾ ਮਹਾਂਮਾਰੀ ਕਾਰਨ ਅਨਾਥ ਹੋ ਗਏ ਹਨ।
ਦੱਸ ਦੇਈਏ ਕਿ NCPCR ਨੇ ਆਪਣੇ ਹਲਫਨਾਮੇ ਵਿੱਚ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਹੋਏ ਵਾਧੇ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਣ ਦੇ ਮੱਦੇਨਜ਼ਰ ਇਹ ਜ਼ਰੂਰੀ ਹੋ ਗਿਆ ਹੈ ਕਿ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਵਾਧੂ ਯਤਨ ਕੀਤੇ ਜਾਣੇ ਚਾਹੀਦੇ ਹਨ ।
ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਪਹਿਲਾ ਕਦਮ ਲੋੜਵੰਦ ਬੱਚਿਆਂ ਦੀ ਪਛਾਣ ਕਰਨਾ ਅਤੇ ਅਜਿਹੇ ਬੱਚਿਆਂ ਦਾ ਪਤਾ ਲਗਾਉਣ ਲਈ ਇੱਕ ਸਿਸਟਮ ਵਿਕਸਤ ਕਰਨਾ ਹੈ । ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਵੱਲੋਂ ‘ਬਾਲ ਸਵਰਾਜ’ ਪੋਰਟਲ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਅਜਿਹੇ ਬੱਚਿਆਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ।