After Delhi Baba Ka Dhaba: ਆਗਰਾ: ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਬਾਬਾ ਕਾ ਢਾਬਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਸੀ। ਹੁਣ ਆਗਰਾ ਵਿੱਚ ਕਾਂਜੀਵੜੇ ਵੇਚਦੇ ਹੋਏ ਇੱਕ ਬਾਬਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਟਵਿੱਟਰ ‘ਤੇ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਸਮੇਤ ਵੱਡੀਆਂ ਮਸ਼ਹੂਰ ਹਸਤੀਆਂ ਨੇ ਲੋਕਾਂ ਨੂੰ ਬਾਬੇ ਦੇ ਕਾਂਜੀਵੜੇ ਖਰੀਦਣ ਦੀ ਅਪੀਲ ਕੀਤੀ ਹੈ । ਸਵਰਾ ਭਾਸਕਰ ਨੇ ਟਵੀਟ ਕਰਦਿਆਂ ਲਿਖਿਆ ਕਿ ਸ਼ਾਮ 5.30 ਵਜੇ ਤੋਂ ਬਾਅਦ ਕਮਲਨਗਰ ਵਿੱਚ ਆਗਰਾ ਵਿੱਚ ਡਿਜ਼ਾਇਅਰ ਬੇਕਰੀ ਨੇੜੇ ਇੱਕ ਹੋਰ ਬਾਬਾ ਕਾ ਢਾਬਾ ‘ਤੇ ਪਹੁੰਚੋ। ਉਨ੍ਹਾਂ ਨੇ ਆਗਰਾ ਦੇ ਲੋਕਾਂ ਨੂੰ ਵੱਡੇ ਦਿਲ ਦਾ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ।
ਦਰਅਸਲ, ਆਗਰਾ ਦੀ ਰਹਿਣ ਵਾਲੀ ਇੱਕ ਕੁੜੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਹੈ । ਉਸ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਲੱਖਾਂ ਲੋਕ ਦੇਖ ਚੁੱਕੇ ਹਨ ਤੇ ਹਜ਼ਾਰਾਂ ਲਾਇਕ ਮਿਲੇ ਹਨ। ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਥੋਂ ਕਾਂਜੀਵੜੇ ਖਰੀਦਣ। ਮਸ਼ਹੂਰ ਫੂਡ ਬਲੌਗਰ ਸਾਰਾ ਹੁਸੈਨ, ਟੀਵੀ ਸ਼ੋਅ ਦੀ ਹੋਸਟ ਪਾਰਥ ਬਜਾਜ ਨੇ ਵੀ ਵੀਡੀਓ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਉਹ ਕਾਂਜੀਵੜੇ ਵਾਲੇ ਬਾਬੇ ਦੀ ਮਦਦ ਲਈ ਅੱਗੇ ਆਉਣ।
ਦੱਸ ਦੇਈਏ ਕਿ ਵਾਇਰਲ ਹੋਈ ਵੀਡੀਓ ਵਿੱਚ ਦਿਖਾਈ ਦੇ ਰਹੇ ਬਜ਼ੁਰਗ 90 ਸਾਲਾ ਨਾਰਾਇਣ ਸਿੰਘ ਹੈ । ਉਹ ਆਗਰਾ ਦੀ ਪ੍ਰੋਫੈਸਰ ਕਲੋਨੀ ਕਮਲਾ ਨਗਰ ਵਿੱਚ ਰਹਿੰਦੇ ਹਨ। ਨਰਾਇਣ ਸਿੰਘ 1980 ਤੋਂ ਕਾਂਜੀਵੜੇ , ਦਹੀ ਵੜੇ ਅਤੇ ਮੋਠ ਦੀ ਰੇਹੜੀ ਲਗਾ ਰਹੇ ਹਨ। ਉਨ੍ਹਾਂ ਦੇ ਦੋ ਪੁੱਤਰ ਹਨ । ਉਨ੍ਹਾਂ ਦੇ ਵੱਡੇ ਬੇਟੇ ਦੀ ਮੌਤ ਹੋ ਗਈ ਹੈ, ਜਦੋਂ ਕਿ ਛੋਟਾ ਬੇਟਾ ਪਿੰਕੀ ਪੇਂਟਰ ਹੈ। ਕਮਲਾ ਨਗਰ ਡਿਜ਼ਾਇਰ ਬ੍ਰੇਕਰੀ ਪ੍ਰੋਫੈਸਰ ਕਲੋਨੀ ਨੇੜੇ ਬਾਬਾ ਆਪਣੀ ਰੇਹੜੀ ਲਗਾਉਂਦੇ ਹਨ।
ਇਸ ਸਬੰਧੀ ਬਜ਼ੁਰਗ ਨੇ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਉਹ ਦਿਨ ਵਿੱਚ 500 ਰੁਪਏ ਕਮਾ ਲੈਂਦੇ ਸੀ, ਜਿਸ ਵਿਚੋਂ ਉਹ ਲਗਭਗ 200 ਰੁਪਏ ਦੀ ਬਚਤ ਕਰਦੇ ਸੀ। ਉਨ੍ਹਾਂ ਦੱਸਿਆ ਕਿ ਲਾਕਡਾਊਨ ਤੋਂ ਬਾਅਦ ਉਹ ਇੱਕ ਦਿਨ ਵਿੱਚ 200 ਰੁਪਏ ਹੀ ਕਮਾ ਪਾਉਂਦੇ ਹਨ, ਜਿਸ ਵਿੱਚੋਂ ਉਹ ਲਗਭਗ 80 ਤੋਂ 100 ਰੁਪਏ ਦੀ ਬਚਤ ਕਰ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਕਾਂਜੀਵੜੇ 20 ਰੁਪਏ, ਮੋਠ 20 ਰੁਪਏ ਅਤੇ ਦਹੀ ਵੜਾ 25 ਰੁਪਏ ਦੇ ਹਿਸਾਬ ਨਾਲ ਵੇਚਦੇ ਹਨ।